ਸ੍ਰੀ ਫ਼ਤਹਿਗੜ੍ਹ ਸਾਹਿਬ/11 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਅੰਦਰ ਪੰਚਾਇਤਾਂ ਸਰਬ ਸੰਮਤੀ ਬਣਾਉਣ ਦੀ ਅਪੀਲ ਕੀਤੀ ਗਈ ਸੀ ਸੀ ਤਾਂ ਜੋ ਪੰਚਾਇਤੀ ਚੋਣਾਂ ਸਮੇਂ ਹੁੰਦੇ ਬੇਲੋੜੇ ਖਰਚਿਆਂ ਅਤੇ ਪਿੰਡ ਵਾਸੀਆਂ ਦਰਮਿਆਨ ਪੈਦਾ ਹੁੰਦੀ ਧੜੇਬੰਦੀ ਤੋਂ ਬਚਿਆ ਜਾ ਸਕੇ।ਇਸ ਅਪੀਲ ਤੇ ਸੂਬੇ ਭਰ ਚੋਂ ਸਭ ਤੋਂ ਪਹਿਲਾਂ ਅਮਲ ਕਰਦੇ ਹੋਏ ਬਲਾਕ ਖੇੜਾ ਦੇ ਅਧੀਨ ਪੈਂਦੇ ਪਿੰਡ ਤਿੰਬਰਪੁਰ ਦੇ ਸਮੂਹ ਨਗਰ ਨਿਵਾਸੀਆਂ ਨੇ ਸਰਬ ਸੰਮਤੀ ਨਾਲ ਪੰਚਾਇਤ ਚੁਣ ਕੇ ਭਗਵੰਤ ਸਿੰਘ ਮਾਨ ਦੀ ਕਹੀ ਗੱਲ ਦਾ ਮਾਣ ਵਧਾਇਆ ਹੈ। ਇਹ ਪ੍ਰਗਟਾਵਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਅੱਜ ਪਿੰਡ ਤਿੰਬਰਪੁਰ ਦੀ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਵੱਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਇਸ ਮੌਕੇ ਪਿੰਡ ਤਿੰਬਰਪੁਰ ਦੀ ਨਵੀਂ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਰਾਏ ਨੂੰ ਸਨਮਾਨਿਤ ਵੀ ਕੀਤਾ ਗਿਆ। ਵਿਧਾਇਕ ਰਾਏ ਨੇ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਰਬ ਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਐਲਾਨ ਮੁਤਾਬਿਕ ਪੰਜ ਲੱਖ ਰੁਪਏ ਦਾ ਵਿਸ਼ੇਸ਼ ਪੈਕੇਜ ਦਿੱਤਾ ਜਾਵੇਗਾ ਜਿਸ ਨੂੰ ਪੰਚਾਇਤ ਪਿੰਡ ਦੇ ਵਿਕਾਸ ਕਾਰਜਾਂ ਲਈ ਵਰਤ ਸਕਦੀ ਹੈ । ਉਹਨਾਂ ਕਿਹਾ ਕਿ ਇਸ ਵਾਰ ਸੂਬੇ ਚੋਂ ਸਭ ਤੋਂ ਪਹਿਲਾਂ ਸਰਬ ਸੰਮਤੀ ਕਰ ਪੰਚਾਇਤ ਬਣਾਉਣ ਵਾਲਾ ਇਹ ਪਹਿਲਾ ਪਿੰਡ ਹੈ ਅਤੇ ਆਪਣੇ ਕੋਲੋਂ ਪੈਸੇ ਖਰਚ ਕੇ ਪਿੰਡ ਦਾ ਵਿਕਾਸ ਸ਼ੁਰੂ ਕਰਾਉਣ ਵਾਲੀ ਵੀ ਪਹਿਲੀ ਸਰਪੰਚ ਹੈ ਜਿਸ ਨੇ ਦਿਨ ਪ੍ਰਤੀ ਦਿਨ ਗੰਧਲੇ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪਹੁੰਚੀਆਂ ਸੰਗਤਾਂ ਨੂੰ ਇੱਕ ਰੁੱਖ ਸੌ ਸੁੱਖ ਦੇ ਅਧੀਨ ਬੂਟੇ ਵੰਡੇ । ਉਹਨਾਂ ਕਿਹਾ ਕਿ ਜੇਕਰ ਪਿੰਡ ਤਿੰਬਰਪੁਰ ਦੀ ਸਰਪੰਚ ਹਰਿੰਦਰ ਕੌਰ ਵਾਂਗ ਹੀ ਸੂਬੇ ਦੀਆਂ ਪੰਚਾਇਤਾਂ ਸੋਚ ਰੱਖਣ ਤਾਂ ਭਗਵੰਤ ਸਿੰਘ ਮਾਨ ਵੱਲੋਂ ਵੇਖੇ ਗਏ ਪੰਜਾਬ ਨੂੰ ਰੰਗਲਾ ਬਣਾਉਣ ਦੇ ਸੁਪਨੇ ਨੂੰ ਜਲਦ ਹੀ ਪੂਰਾ ਹੁੰਦਿਆ ਵੇਖਿਆ ਜਾ ਸਕੇਗਾ । ਵਿਧਾਇਕ ਰਾਏ ਨੇ ਚੁਣੀ ਗਈ ਸਰਪੰਚ ਹਰਿੰਦਰ ਕੌਰ ਪਤਨੀ ਗੁਰਵੀਰ ਸਿੰਘ , ਕੁਲਵਿੰਦਰ ਸਿੰਘ ਪੁੱਤਰ ਸੇਵਾ ਸਿੰਘ , ਰਾਜਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ , ਬਲਵੀਰ ਕੌਰ ਪਤਨੀ ਸਵ. ਨਿਰਮੈਲ ਸਿੰਘ , ਅਜੀਤ ਸਿੰਘ ਪੁੱਤਰ ਮੇਹਰ ਸਿੰਘ , ਗੁਰਦੀਪ ਸਿੰਘ ਪੁੱਤਰ ਸਵ. ਗੁਰਮੁਖ ਸਿੰਘ ਸਾਰੇ ਪੰਚਾਇਤ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ । ਹਰਿੰਦਰ ਕੌਰ ਸਰਪੰਚ ਦੇ ਪਤੀ ਗੁਰਵੀਰ ਸਿੰਘ ਭੰਗੂ ਨੇ ਇਸ ਮੌਕੇ ਪਹੁੰਚੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।