ਸ੍ਰੀ ਫ਼ਤਹਿਗੜ੍ਹ ਸਾਹਿਬ/14 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬਦ ਧੂਮ ਧਾਮ ਨਾਲ ਮਨਾਇਆ ਗਿਆ। ਦੋ ਦਿਨ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਡਾ: ਪਰਿਤ ਪਾਲ ਸਿੰਘ ਵੱਲੋਂ ਖੂਨਦਾਨ ਕੈਂਪ ਦੇ ਉਦਘਾਟਨ ਨਾਲ ਕੀਤੀ ਗਈ। ਕੈਂਪ ਨੂੰ ਡਾ. ਸੁਰਜੀਤ ਸਿੰਘ ਸੁਪਰ ਸਪੈਸ਼ਲਿਟੀ ਹਸਪਤਾਲ, ਰੋਪੜ ਦੀ ਇੱਕ ਸਮਰਪਿਤ ਟੀਮ, ਜਿਸ ਵਿੱਚ ਡਾ. ਸੁਰਿੰਦਰ ਸਿੰਘ, ਬੀ.ਟੀ.ਓ. ਅਤੇ ਉਹਨਾਂ ਦੇ ਮੈਡੀਕਲ ਸਟਾਫ਼ ਸ਼ਾਮਲ ਸੀ ਨੇ ਸਫ਼ਲਤਾ ਨਾਲ ਆਯੋਜਿਤ ਕੀਤਾ।ਫਿਜ਼ੀਓਥੈਰੇਪੀ ਵਿਭਾਗ ਵੱਲੋਂ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਵੀ ਲਗਾਇਆ ਗਿਆ। ਡਾ: ਪੰਕਜਪ੍ਰੀਤ ਸਿੰਘ (ਐਚ.ਓ.ਡੀ., ਫਿਜ਼ੀਓਥੈਰੇਪੀ), ਡਾ: ਸੁਪ੍ਰੀਤ ਬਿੰਦਰਾ, ਡਾ: ਗੁਰਮਨਪ੍ਰੀਤ ਕੌਰ (ਪੀ.ਟੀ.), ਡਾ: ਗਗਨਪ੍ਰੀਤ ਕੌਰ (ਪੀ.ਟੀ.), ਡਾ: ਆਕ੍ਰਿਤੀ ਜੈਨ (ਪੀ.ਟੀ.), ਅਤੇ ਡਾ: ਰਿਸ਼ੂ ਕਾਂਸਲ (ਪੀ.ਟੀ.) ਅਤੇ ਡਾ. ਕੋਮਲਪ੍ਰੀਤ ਕੌਰ (ਪੀ.ਟੀ.) ਨੇ ਫਿਜ਼ੀਓਥੈਰੇਪੀ ਸੇਵਾਵਾਂ ਪ੍ਰਦਾਨ ਕੀਤੀਆਂ। ਕੈਂਪ ਦੌਰਾਨ 60 ਦੇ ਕਰੀਬ ਮਰੀਜ਼ਾਂ ਨੇ ਨਿੱਜੀ ਸਲਾਹ ਅਤੇ ਇਲਾਜ ਦਾ ਲਾਭ ਉਠਾਇਆ।ਇਨ੍ਹਾਂ ਕੈਂਪਾਂ ਤੋਂ ਇਲਾਵਾ, ਐਨ.ਐਨ.ਐੱਸ ਵਲੋਂ ਸਫਾਈ ਅਭਿਆਨ ਵੀ ਚਲਾਇਆ ਗਿਆ। ਡਾ. ਹਰਨੀਤ ਬਿਲਿੰਗ, ਮੁਖੀ, ਸਿਖਿਆ ਵਿਭਾਗ ਨੇ ਦੱਸਿਆ ਕਿ ਸਫਾਈ ਅਭਿਆਨ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਸਵੱਛਤਾ ਦੀ ਅਹਿਮੀਅਤ ਨਾਲ ਜੋੜਨਾ ਸੀ।ਸਮਾਗਮ ਦੇ ਦੂਸਰੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ, ਉਪਰੰਤ ਸੰਗੀਤ ਵਿਭਾਗ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਕੀਰਤਨ ਦਰਬਾਰ ਸਜਾਇਆ ਗਿਆ। ਉਪਰੰਤ ਵਿਦਿਆਰਥੀਆਂ ਵਲੋਂ ਗੁਰੂ ਸਾਹਿਬ ਦੇ ਜੀਵਨ ਤੇ ਅਧਾਰਿਤ ਕਵੀਸ਼ਰੀ ਵੀ ਗਾਈ ਗਈ। ਡਾ. ਕਿਰਨਦੀਪ ਕੌਰ, ਧਰਮ ਅਧਿਐਨ ਵਿਭਾਗ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਮਕਾਲੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਖੁਸ਼ੀ ਜ਼ਾਹਿਰ ਕੀਤੀ ਕਿ ਯੂਨੀਵਰਸਿਟੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਨੌਜਵਾਨਾਂ ਵਿੱਚ ਫੈਲਾਉਣ ਲਈ ਵਚਨਬੱਧ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਧਰਮ ਅਤੇ ਸਰਬੱਤ ਦੇ ਭਲੇ ਦੇ ਮਾਰਗ 'ਤੇ ਚਲਾਇਆ ਜਾ ਸਕੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਯੂਨੀਵਰਸਿਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੰਦੇਸ਼ ਦੇ ਪ੍ਰਸਾਰ ਲਈ ਸਮਰਪਿਤ ਹੋ ਕੇ ਕੰਮ ਕਰ ਰਹੀ ਹੈ। ਉਨ੍ਹਾਂ ਇਸ ਸੈਸ਼ਨ ਵਿੱਚ ਯੂਨੀਵਰਸਿਟੀ ਵਿੱਚ ਰਿਕਾਰਡ ਤੋੜ ਦਾਖ਼ਲਿਆਂ ਲਈ ਯੂਨੀਵਰਸਿਟੀ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ। ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਫਲਸਫੇ ਅਤੇ ਸਾਰਿਆਂ ਦੀ ਭਲਾਈ ਦੇ ਸੰਕਲਪ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਸਾਰਾ ਸਮਾਗਮ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।ਇਸ ਮੌਕੇ ਯੂਨੀਵਰਸਿਟੀ ਦੇ ਡੀਨ ਰਿਸਰਚ ਡਾ. ਨਵਦੀਪ ਕੌਰ, ਰਜਿਸਟਰਾਰ ਡਾ. ਤੇਜਬੀਰ ਸਿੰਘ, ਯੂਨੀਵਰਸਿਟੀ ਦੇ ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।