ਗੁਰੂਗ੍ਰਾਮ, 4 ਦਸੰਬਰ
ਗੁਰੂਗ੍ਰਾਮ ਦੇ ਸੈਕਟਰ-39 'ਚ ਬੁੱਧਵਾਰ ਨੂੰ ਤਕਨੀਕੀ ਸਹਾਇਤਾ ਦੇਣ ਦੇ ਬਹਾਨੇ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ।
ਪੁਲਿਸ ਅਨੁਸਾਰ ਏ.ਸੀ.ਪੀ (ਸਾਈਬਰ ਕ੍ਰਾਈਮ) ਪ੍ਰਿਯਾਂਸ਼ੂ ਦੀਵਾਨ ਦੀ ਅਗਵਾਈ ਹੇਠ ਇਕ ਟੀਮ ਨੇ ਪਲਾਟ ਨੰਬਰ 684, ਦੁਰਗਾ ਕਾਲੋਨੀ ਸਥਿਤ ਕਾਲ ਸੈਂਟਰ 'ਤੇ ਛਾਪੇਮਾਰੀ ਕੀਤੀ।
ਛਾਪੇਮਾਰੀ ਦੌਰਾਨ ਪੁਲੀਸ ਨੇ ਕਾਲ ਸੈਂਟਰ ਸੰਚਾਲਕ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਮੋਬਾਈਲ ਫ਼ੋਨ, ਦੋ ਲੈਪਟਾਪ ਅਤੇ ਹੋਰ ਇਲੈਕਟ੍ਰਾਨਿਕ ਯੰਤਰ ਬਰਾਮਦ ਕੀਤੇ ਹਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਪ੍ਰਿੰਸ (34), ਪਲਵਿੰਦਰ ਸਿੰਘ (25) ਅਤੇ ਈਸ਼ਵ ਘਈ (25) ਵਾਸੀ ਨਵੀਂ ਦਿੱਲੀ ਵਜੋਂ ਹੋਈ ਹੈ।
ਫਰਜ਼ੀ ਕਾਲ ਸੈਂਟਰ ਦੇ ਮਾਲਕ ਅਮਨਦੀਪ ਸਿੰਘ ਨੇ ਪਲਵਿੰਦਰ ਅਤੇ ਈਸ਼ਵ ਨੂੰ 35,000 ਰੁਪਏ ਦੀ ਤਨਖਾਹ ਅਤੇ 1 ਫੀਸਦੀ ਕਮਿਸ਼ਨ 'ਤੇ ਨੌਕਰੀ 'ਤੇ ਰੱਖਿਆ ਸੀ।