ਕੋਲਕਾਤਾ, 9 ਨਵੰਬਰ
ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲੇ ਦੇ ਸਾਗਰਪਾਰਾ ਪੁਲਸ ਸਟੇਸ਼ਨ ਦੇ ਅਧੀਨ ਖੈਰਤਲਾ ਪਿੰਡ 'ਚ ਸੋਮਵਾਰ ਸਵੇਰੇ ਇਕ ਵੱਡੇ ਧਮਾਕੇ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਕਤ ਇਮਾਰਤ 'ਚ ਕੱਚੇ ਬੰਬਾਂ ਦੇ ਨਿਰਮਾਣ ਲਈ ਭਾਰੀ ਮਾਤਰਾ 'ਚ ਕੱਚਾ ਮਾਲ ਰੱਖਿਆ ਗਿਆ ਸੀ ਅਤੇ ਇਹ ਧਮਾਕੇ ਦਾ ਸਰੋਤ ਸੀ।
ਧਮਾਕੇ ਦਾ ਅਸਰ ਅਜਿਹਾ ਸੀ ਕਿ ਜਿਸ ਕਮਰੇ ਵਿਚ ਇਹ ਕੱਚਾ ਮਾਲ ਰੱਖਿਆ ਗਿਆ ਸੀ, ਉਸ ਦੀ ਪੂਰੀ ਛੱਤ ਉੱਡ ਗਈ।
ਜ਼ਿਲ੍ਹਾ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਜਿਵੇਂ ਹੀ ਸਥਾਨਕ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੇ ਮਲਬੇ ਵਿਚ ਪੀੜਤਾਂ ਦੀਆਂ ਲਾਸ਼ਾਂ ਨੂੰ ਦੇਖਿਆ ਅਤੇ ਧਮਾਕੇ ਦੇ ਨਤੀਜੇ ਵਜੋਂ ਉਨ੍ਹਾਂ ਦੇ ਸਰੀਰ ਦੇ ਕੁਝ ਅੰਗ ਉੱਡ ਗਏ ਸਨ।
ਤਿੰਨ ਮ੍ਰਿਤਕਾਂ ਦੀ ਪਛਾਣ ਮੁਸਤਕੀਨ ਸ਼ੇਖ, ਸਗੀਰੁਲ ਸਰਕਾਰ ਅਤੇ ਮਾਮੂਨ ਮੁੱਲਾ ਵਜੋਂ ਹੋਈ ਹੈ।
ਉਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਧਮਾਕੇ ਵਿੱਚ ਮਾਰੇ ਗਏ ਤਿੰਨਾਂ ਦੇ ਸਿਆਸੀ ਸਬੰਧਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।