ਹਰਜਿੰਦਰ ਸਿੰਘ ਗੋਲਣ
ਭਿਖੀਵਿੰਡ 13 ਦਸੰਬਰ
ਪੰਜਾਬ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ, ਐਸਐਸਪੀ ਤਰਨ ਤਾਰਨ ਅਭਿਮੰਨਿਓ ਰਾਣਾ ਦੇ ਦਿਸ਼ਾ ਨਿਰਦੇਸ਼ ਹੇਠ ਦੇਸ਼ ਵਿਰੋਧੀ ਸ਼ਕਤੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਵਲਟੋਹਾ ਪੁਲਿਸ ਨੇ ਮੁਖਬਰ ਦੀ ਇਤਲਾਹ ਤੇ ਅਮਰਕੋਟ ਦਾਣਾ ਮੰਡੀ ਵਿਖੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰਕੇ ਇਕ ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਡਿਪਟੀ ਸੁਪਰਡੈਂਟ ਪੁਲਿਸ ਭਿਖੀਵਿੰਡ ਪ੍ਰੀਤਇੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਲਟੋਹਾ ਪੁਲਿਸ ਦੇ ਐਸਐਚ ਓ ਚਰਨ ਸਿੰਘ ਨੂੰ ਕਿਸੇ ਮੁਖਬਰ ਨੇ ਦੱਸਿਆ ਕਿ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਕੋਲ ਮਾਰੂ ਨਸ਼ਾ ਹੈਰੋਇਨ ਮੌਜੂਦ ਹੈ। ਜਿਸ ਤੇ ਐਸਐਚ ਓ ਚਰਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਅਮਰਕੋਟ ਵਿਖੇ ਦੱਸੀ ਜਗ੍ਹਾ ਤੇ ਘੇਰਾਬੰਦੀ ਕਰਕੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਤਾਂ ਅਮਨਦੀਪ ਸਿੰਘ, ਬਲਬੀਰ ਸਿੰਘ ਪੁੱਤਰਾਨ ਪ੍ਰੀਤਮ ਸਿੰਘ ਵਾਸੀ ਆਬਾਦੀ ਮਲਕਾ ਵਲਟੋਹਾ ਪਾਸੋਂ 497 ਗਰਾਮ ਹੈਰੋਇਨ, ਗੁਰਜੰਟ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਥੇਹ ਸਰਹਾਲੀ ਪਾਸੋਂ 504 ਗਰਾਮ ਹੈਰੋਇਨ ਤੋਂ ਇਲਾਵਾ ਦੋ ਮੋਟਰਸਾਈਕਲ ਦੋ ਮੋਬਾਇਲ ਬਰਾਮਦ ਕੀਤੇ ਗਏ ਹਨ। ਡੀਐਸਪੀ ਪ੍ਰੀਤਇੰਦਰ ਸਿੰਘ ਨੇ ਕਿਹਾ ਦੋਸ਼ੀਆਂ ਖਿਲਾਫ ਪੁਲਿਸ ਥਾਣਾ ਵਲਟੋਹਾ ਵਿਖੇ ਮੁਕਦਮਾ ਨੰਬਰ 107 ਮਿਤੀ 13-12 - 2024 ਧਾਰਾ 26 ਸੀ 29 -61 - 85 ਐਨਡੀਪੀਸੀ ਐਕਟ 10, 11, 12 ਦੇ ਅਧੀਨ ਕੇਸ ਦਰਜ ਕਰਕੇ ਦੋਸ਼ੀਆਂ ਪਾਸੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਵਿਅਕਤੀ ਮਾਰੂ ਨਸ਼ਿਆਂ ਦਾ ਗੋਰਖ ਧੰਦਾ ਕਿਸ ਤਰੀਕੇ ਨਾਲ ਚਲਾ ਕੇ ਕਾਮਯਾਬੀ ਹਾਸਲ ਕਰ ਰਹੇ ਹਨ।