ਸ੍ਰੀ ਫ਼ਤਹਿਗੜ੍ਹ ਸਾਹਿਬ/28 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਸਰਕਾਰ ਦੇ ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਬਿਨਾਂ ਸਾੜੇ ਫ਼ਸਲ ਦੀ ਬਿਜਾਈ ਕਰਨ ਦੀ ਦਿੱਤੀ ਜਾਂਦੀ ਸਲਾਹ ਨੂੰ ਮੰਨ ਕੇ ਪਿੰਡ ਬਧੌਛੀ ਕਲਾਂ ਦੇ ਕਿਸਾਨ ਗੁਰਵਿੰਦਰ ਸਿੰਘ ਪੁੱਤਰ ਅਮਰਾਓ ਸਿੰਘ ਪਿਛਲੇ 10 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਸਫਲਤਾਪੂਰਵਕ ਬਿਜਾਈ ਕਰ ਰਹੇ ਹਨ। ਜਿਸ ਵਿੱਚ ਕਣਕ, ਲੱਸਣ, ਪਿਆਜ਼ ਦੀ ਪਨੀਰੀ ਆਦਿ ਦੀ ਖੇਤੀ ਕਰਦੇ ਹਨ, ਇੱਥੇ ਹੀ ਬੱਸ ਨਹੀਂ ਉਹ ਆਪਣੇ ਕਿਚਨ ਗਾਰਡਨ ਵਿੱਚ ਸਬਜ਼ੀਆਂ ਉਗਾਉਣ ਲਈ ਗੰਡੋਇਆਂ ਦੀ ਖਾਦ ਦੀ ਵਰਤੋਂ ਕਰਦੇ ਹਨ। ਗੁਰਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿੰਡ ਦੇ ਵਿੱਚ 20 ਏਕੜ ਦੇ ਉੱਤੇ ਖੇਤੀ ਕਰਦੇ ਹਨ, ਪਿਛਲੇ 10 ਸਾਲਾਂ ਤੋਂ ਉਨਾਂ ਨੇ ਪਰਾਲੀ ਨੂੰ ਨਹੀਂ ਸਾੜਿਆ ਅਤੇ ਖੇਤ ਦੇ ਵਿੱਚ ਹੀ ਮਲਚਿੰਗ ਕਰਕੇ ਕਣਕ ਦੀ ਬਿਜਾਈ ਕਰਦੇ ਹਨ। ਅਜਿਹਾ ਕਰਨ ਦੇ ਨਾਲ ਉਨਾਂ ਨੂੰ ਚੰਗਾ ਮੁਨਾਫਾ ਹੋ ਰਿਹਾ ਹੈ। ਉਹ ਆਪਣੇ ਨੇੜੇ ਤੇੜੇ ਦੇ ਕਿਸਾਨਾਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਬਹੁਤ ਸਾਰੇ ਕਿਸਾਨ ਉਹਨਾਂ ਤੋਂ ਸੇਧ ਲੈ ਕੇ ਅਜਿਹਾ ਕਰਨ ਲੱਗੇ ਹਨ। ਉਹਨਾਂ ਦੱਸਿਆ ਕਿ ਭਾਰਤੀਆ ਗੇਹੂ ਐਡ ਜੋਂ ਅਨੁਸੰਸਥਾਨ ਸੰਸਥਾ ਕਰਨਾਲ ਉਹਨਾਂ ਨੂੰ ਤਿੰਨ ਵਾਰ ਸਨਮਾਨਿਤ ਕਰ ਚੁੱਕੀ ਹੈ। ਭਾਰਤੀਆ ਖੇਤੀ ਰਿਸਰਚ ਇੰਸਟੀਚਿਊਟ ਨਵੀਂ ਦਿੱਲੀ ਵੱਲੋਂ ਕਣਕ ਅਤੇ ਝੋਨੇ ਦੀਆਂ ਨਵੀਆਂ ਕਿਸਮਾਂ ਦੇ ਟਰਾਇਲ ਉਹਨਾਂ ਦੇ ਖੇਤਾਂ ਦੇ ਵਿੱਚ ਲਗਾਏ ਜਾਂਦੇ ਹਨ। ਝੋਨੇ ਦੀਆਂ ਵੱਖ ਵੱਖ ਕਿਸਮਾਂ ਜਿਨ੍ਹਾਂ ਵਿੱਚ ਬਾਸਮਤੀ, ਪੂਸਾ,1847, 1885, 1886, 1985, 1979, 1401 ਆਦਿ ਸ਼ਾਮਿਲ ਹਨ। ਇਸੇ ਤਰ੍ਹਾਂ ਕਣਕ ਦੀਆਂ ਫਸਲਾਂ ਦੇ ਵਿੱਚ 3406, ਐਚਡੀ 3385, 3386, 3410, 3390, 2967, 3086, ਪੀਵੀਡਬਲੀੳ 826, 872, ਡੀਬੀਡਬਲੀੳ 187, 222, 327, 370, 371, 377 ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਇਨੀ ਦਿਨੀਂ ਹੋ ਰਹੀ ਬਰਸਾਤ ਕਣਕ ਦੀ ਫਸਲ ਦੇ ਲਈ ਬਹੁਤ ਲਾਹੇਵੰਦ ਹੈ ਜੋ ਕਿ ਜਿੱਥੇ ਫਸਲ ਨੂੰ ਕੋਰੇ ਤੋਂ ਵੱਡੀ ਰਾਹਤ ਦੇਵੇਗੀ ਤੇ ਇਸ ਸਮੇਂ ਪਾਇਆ ਜਾਣ ਵਾਲਾ ਰੇਹ ਜਾਂ ਸਪਰੇ ਜ਼ਿਆਦਾ ਫਾਇਦੇਮੰਦ ਸਾਬਤ ਹੋਣਗੇ। ਉਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਦੀ ਮਲਚਿੰਗ ਕੀਤੀ ਜਾਵੇ ਤਾਂ ਇਹ ਫਸਲਾਂ ਦੇ ਲਈ ਖੁਰਾਕ ਬਣ ਜਾਂਦੀ ਹੈ। ਪਰਾਲੀ ਨੂੰ ਸਾੜਨ ਦੇ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਹੀ ਜਮੀਨ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ, ਮਿੱਟੀ ਦੇ ਵਿੱਚ ਪੈਦਾ ਹੋਣ ਵਾਲੇ ਸਾਡੇ ਮਿੱਤਰ ਕੀੜੇ ਵੀ ਖਤਮ ਹੋ ਜਾਂਦੇ ਹਨ। ਇਸ ਲਈ ਪਰਾਲੀ ਨੂੰ ਸਾੜਨ ਦੀ ਬਜਾਏ ਮਲਚਿੰਗ ਕਰਕੇ ਸਿੱਧੀ ਬਿਜਾਈ ਕਰਨ ਨਾਲ ਝੋਨੇ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ।