ਸ੍ਰੀ ਫ਼ਤਹਿਗੜ੍ਹ ਸਾਹਿਬ/ 11 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
“ਜਦੋਂ 02 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਦੇ ਸਾਹਮਣੇ ਬਾਦਲ ਦਲੀਆਂ ਅਤੇ ਬਾਗੀ ਦਲ ਦੇ ਸਮੁੱਚੇ ਗੁਨਾਹਗਾਰ ਤੇ ਸੁਖਬੀਰ ਸਿੰਘ ਬਾਦਲ ਨੇ ਹਾਜ਼ਰ ਹੋ ਕੇ ਉਨ੍ਹਾਂ ਵੱਲੋ ਹੁਣ ਤੱਕ ਕੀਤੇ ਗਏ ਬੱਜਰ ਗੁਨਾਹਾਂ ਨੂੰ ਪ੍ਰਵਾਨ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋ ਮਿਲੇ ਹੁਕਮਾਂ ਅਨੁਸਾਰ ਆਪਣੇ ਆਪ ਨੂੰ ਤਨਖਾਹੀਏ ਪ੍ਰਵਾਨ ਕਰਕੇ ਧਾਰਮਿਕ ਸੇਵਾ ਪੂਰੀ ਕਰ ਲਈ ਅਤੇ ਸਿਆਸੀ ਸਜ਼ਾ ਦੀ ਇਕ ਮੱਦ ਕੇਵਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਅਸਤੀਫੇ ਨੂੰ ਪ੍ਰਵਾਨ ਕਰਕੇ ਬਾਕੀ ਵਰਕਿੰਗ ਕਮੇਟੀ ਦੇ ਅਸਤੀਫਿਆਂ ਸੰਬੰਧੀ ਹੋਏ ਹੁਕਮ ਨਾ ਪੂਰਨ ਕਰਕੇ ਅਤੇ 07 ਮੈਬਰੀ ਭਰਤੀ ਕਮੇਟੀ ਦੇ ਹੁਕਮ ਨੂੰ ਅਪ੍ਰਵਾਨ ਕਰਕੇ ਪ੍ਰਤੱਖ ਕਰ ਦਿੱਤਾ ਹੈ ਕਿ ਜੋ ਹੁਕਮਨਾਮੇ ਬਾਦਲ ਦਲੀਆਂ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਹੀ ਸੀ ਕਰ ਸਕਦੇ, ਉਹ ਤਾਂ ਲਾਗੂ ਕਰ ਦਿੱਤੇ ਗਏ ਹਨ। ਜੋ ਹੁਕਮਨਾਮੇ ਉਨ੍ਹਾਂ ਦੀਆਂ ਗੁਸਤਾਖੀਆਂ ਦੀ ਬਦੌਲਤ ਉਨ੍ਹਾਂ ਨੂੰ ਸਿਆਸੀ, ਧਾਰਮਿਕ ਤੇ ਇਖਲਾਕੀ ਤੌਰ ਤੇ ਹੋਈਆਂ ਗਲਤੀਆਂ ਦਾ ਅਹਿਸਾਸ ਕਰਵਾਉਣ ਵਾਲੇ ਸਨ, ਉਨ੍ਹਾਂ ਨੂੰ ਅਪ੍ਰਵਾਨ ਕਰਕੇ ਜੋ ਆਪਹੁਦਰੇ ਢੰਗ ਨਾਲ ਬਾਦਲ ਦਲੀਆਂ ਵੱਲੋ ਆਪਣੇ ਤੌਰ ਤੇ ਵੱਖਰੀ ਭਰਤੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ, ਇਹ ਸਰਾਸਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਤੌਹੀਨ ਤੇ ਘੋਰ ਉਲੰਘਣਾ ਹੈ।ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਵੱਲ ਇਮਾਨਦਾਰੀ ਨਾਲ ਆਪਣਾ ਮੂੰਹ ਕਰਨ ਦੀ ਬਜਾਇ ਦਿੱਲੀ ਅਤੇ ਦੁਸ਼ਮਣ ਤਾਕਤਾਂ ਵੱਲ ਮੂੰਹ ਕਰਕੇ ਆਪਣੀਆਂ ਸਿਆਸੀ ਮੀਟਿੰਗਾਂ ਤੇ ਕਾਨਫਰੰਸਾਂ ਕਰਨ ਦਾ ਐਲਾਨ ਕਰਕੇ ਆਪਣੀਆਂ ਅਕਲਾਂ ਦਾ ਜਨਾਜ਼ਾ ਕੱਢ ਰਹੇ ਹਨ ।"ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ ।