ਸ੍ਰੀ ਫ਼ਤਹਿਗੜ੍ਹ ਸਾਹਿਬ/16 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
ਅੱਜ ਸਰਹਿੰਦ ਦੇ ਵੱਖ ਵੱਖ ਬਜ਼ਾਰਾਂ ਵਿੱਚ ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਸਾਹਿਬ ਦੀਆਂ ਟੀਮਾਂ ਵੱਲੋਂ ਚਾਈਨਾ ਡੋਰ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਸਬੰਧੀ ਚੈਕਿੰਗ ਕੀਤੀ ਗਈ।ਸਰਹਿੰਦ ਮੰਡੀ ਦੇ ਬਜ਼ਾਰ 'ਚ ਚੈਕਿੰਗ ਕਰ ਰਹੀ ਨਗਰ ਕੌਂਸਲ ਦੀ ਇੱਕ ਟੀਮ ਦੇ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ, ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਰੋਕਣ ਦੇ ਮਕਸਦ ਨਾਲ ਇਹ ਚੈਕਿੰਗ ਕੀਤੀ ਜਾ ਰਹੀ ਹੈ, ਤੇ ਨਾਲ ਦੀ ਨਾਲ ਦੁਕਾਨਦਾਰਾਂ ਨੂੰ ਇਸ ਨਾਲ ਆਮ ਲੋਕਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਤੰਗਾਂ ਅਤੇ ਡੋਰਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਖਾਸ ਤੌਰ ਤੇ ਤਾੜਨਾ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਕੀਮਤ 'ਤੇ ਇਲਾਕੇ ਵਿੱਚ ਚਾਈਨਾ ਡੋਰ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ 'ਚ ਲਿਆਂਦੀ ਜਾਵੇਗੀ।ਇਸ ਮੌਕੇ ਇੰਸਪੈਕਟਰ ਸਤਪਾਲ, ਇੰਸਪੈਕਟਰ ਰਾਜੀਵ ਕੁਮਾਰ, ਜੂਨੀਅਰ ਸਹਾਇਕ ਜਗਤਾਰ ਸਿੰਘ, ਸੈਨੀਟਰੀ ਇੰਸਪੈਕਟਰ ਮਨੋਜ ਕੁਮਾਰ, ਕਲਰਕ ਹੰਸਰਾਜ,ਕਲਰਕ ਪਿਊਸ਼,ਕਲਰਕ ਕੁਲਦੀਪ ਕੌਰ ਅਤੇ ਨਗਰ ਕੌਂਸਲ ਦਾ ਹੋਰ ਸਟਾਫ ਵੀ ਮੌਜ਼ੂਦ ਸੀ।