ਸ੍ਰੀ ਫ਼ਤਹਿਗੜ੍ਹ ਸਾਹਿਬ/26 ਫਰਵਰੀ:
(ਰਵਿੰਦਰ ਸਿੰਘ ਢੀਂਡਸਾ)
ਜ਼ਿਲ੍ਹਾ ਲਿਖਾਰੀ ਸਭਾ, ਫ਼ਤਹਿਗੜ੍ਹ ਸਾਹਿਬ ਨੇ ਇਥੇ ਆਪਣੀ ਗ਼ੈਰ ਰਸਮੀ ਇਕੱਤਰਤਾ ਦੌਰਾਨ ਜਿੱਥੇ ਸਭਾ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ, ਉੱਥੇ ਪਿਛਲੇ ਸਾਲ ਵਿਛੜੇ ਆਪਣੇ ਅਣਥੱਕ ਜੀਵਨ ਸਾਥੀ ਸ. ਊਧਮ ਸਿੰਘ ਮੈਨੇਜਰ ਨੂੰ ਵੀ ਯਾਦ ਕੀਤਾ। ਊਧਮ ਸਿੰਘ, ਜ਼ਿਲ੍ਹਾ ਲਿਖਾਰੀ ਸਭਾ ਦੇ ਮੌਜੂਦਾ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੇ ਪਤੀ ਸਨ। ਇਸ ਮੌਕੇ ਲਿਖਾਰੀਆਂ ਨੇ ਸਵ. ਊਧਮ ਸਿੰਘ ਦੇ ਜੀਵਨ ਸੰਘਰਸ਼ਾਂ, ਆਦਰਸ਼ਾਂ, ਉਹਨਾਂ ਦੀ ਸਾਦਗੀ ਅਤੇ ਧਾਰਮਿਕ ਤੇ ਸਮਾਜਿਕ ਜੀਵਨ ਪ੍ਰਤੀ ਪ੍ਰਪੱਕਤਾ ਬਾਰੇ ਵਿਸਥਾਰ ਸਹਿਤ ਵਿਚਾਰ ਸਾਂਝੇ ਕੀਤੇ। ਸ. ਊਧਮ ਸਿੰਘ ਜੀ ਦੀ ਸਾਰੀ ਜ਼ਿੰਦਗੀ ਗੁਰੂ ਆਸ਼ੇ ਅਨੁਸਾਰ ਜਿਊਣ ਦਾ ਹੋਕਾ ਦਿੰਦੀ ਰਹੀ ਹੈ, ਜਿਸ ਨੂੰ ਪਛਾਨਣਾਂ ਸਾਡੇ ਆਪਣੇਂ ਲਈ ਹੀ ਲਾਹੇਵੰਦ ਹੈ। ਇਸ ਮੌਕੇ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਦੱਸਿਆ ਕਿ ਸ. ਊਧਮ ਸਿੰਘ ਜੀ ਮੈਨੇਜਰ ਦੀ ਸਦੀਵੀ ਯਾਦ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 02 ਮਾਰਚ 2025, ਦਿਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ ਵਿਖੇ ਸਵੇਰੇ 09:00 ਵਜੇ ਪੈਣਗੇ। ਉਪਰੰਤ ਕੀਰਤਨ ਅਤੇ ਅਰਦਾਸ ਗੁਰਦੁਆਰਾ ਸਿੰਘ ਸਭਾ, ਬਾਬਾ ਫਤਹਿ ਸਿੰਘ ਨਗਰ, ਪ੍ਰੀਤ ਨਗਰ ਬਸੀ ਰੋਡ ਸਰਹਿੰਦ ਵਿਖੇ ਹੋਵੇਗੀ ਤੇ ਕੀਰਤਨ ਭਾਈ ਜਬਰਤੋੜ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕਰਨਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਦੱਸਿਆ ਕਿ ਭਾਵੇਂ ਸ. ਊਧਮ ਸਿੰਘ ਮੈਨੇਜਰ ਆਪ ਲੇਖਕ ਨਹੀਂ ਸਨ ਪਰ ਉਹਨਾਂ ਨੇ ਜ਼ਿਲ੍ਹਾ ਲਿਖਾਰੀ ਸਭਾ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ ਅਤੇ ਹਰ ਸਮਾਗਮ ਦੇ ਪ੍ਰਬੰਧਕੀ ਪੱਧਰ ਦੀ ਜ਼ਿੰਮੇਵਾਰੀ ਖੁਦ ਸੰਭਾਲਦੇ ਰਹੇ। ਬੀਬੀ ਸਰਹਿੰਦ ਨੇ ਆਖਿਆ ਕਿ ਸ. ਊਧਮ ਸਿੰਘ ਦੇ ਸਾਥ ਸਦਕਾ ਹੀ ਉਹ ਸਾਹਿਤਕ ਖੇਤਰ ਵਿੱਚ ਯੋਗਦਾਨ ਪਾ ਸਕੇ ਹਨ। ਅੱਜ ਵੀ ਉਹਨਾਂ ਦੀ ਯਾਦ ਸਹਾਰੇ ਹੀ ਉਹ ਲਿਖਣ ਦੇ ਕਾਰਜ ਕਰ ਰਹੇ ਹਨ।