ਸ੍ਰੀ ਫਤਿਹਗੜ੍ਹ ਸਾਹਿਬ/26 ਫਰਵਰੀ:
(ਰਵਿੰਦਰ ਸਿੰਘ ਢੀਂਡਸਾ)
ਪੰਥਕ ਸੰਸਥਾਵਾਂ ਵਿੱਚ ਆਏ ਸੰਕਟ ਦਾ ਨਿਪਟਾਰਾ ਜਲਦ ਹੋਣਾ ਚਾਹੀਦਾ ਹੈ। ਜਿਨ੍ਹਾਂ ਲੰਮਾਂ ਸਮਾਂ ਇਹ ਮਾਮਲੇ ਲਟਕਣਗੇ ਉਨ੍ਹਾਂ ਹੀ ਧਰਮ ਸੰਕਟ ਵਧਦਾ ਜਾਵੇਗਾ। ਉਪਰੋਕਤ ਵਿਚਾਰ ਪ੍ਰਗਟ ਕਰਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰੀ ਦ੍ਰਿੜਤਾ ਨਿਰਪੱਖਤਾ ਤੇ ਸੂਰਮਗਤੀ ਨਾਲ 2 ਦਸੰਬਰ 2024 ਨੂੰ ਲਏ ਫੈਸਲੇ ਅਨੁਸਾਰ ਹੀ ਤੁਰੰਤ ਢੁਕਵੀਂ ਕਾਰਵਾਈ ਕਰਨੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਸਾਰੇ ਧੜਿਆਂ ਦੇ ਮੁਖੀ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਹੋਏ ਹੁਕਮ ਅੱਗੇ ਹਾਊਮੇ, ਹੰਕਾਰ ਨੂੰ ਤਿਆਗ ਕੇ ਅਤੇ ਨਿਮਰਤਾ ਸਹਿਤ ਸਿਰ ਝੁੱਕਾ ਕੇ ਕੌਮੀ ਸੇਵਾ ਵਿੱਚ ਹਿੱਸਾ ਪਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਅਤੇ ਆਨ ਸ਼ਾਨ ਮਰਯਾਦਾ, ਉਚੀਆਂ ਸੁੱਚੀਆਂ ਰਹੁਰੀਤਾਂ ਖਾਸਕਰ ਸਿੱਖ ਸਿਧਾਤਾਂ ਤੇ ਹੁਕਮ ਸੰਦੇਸ਼ ਅੱਗੇ ਕੋਈ ਵੀ ਪਾਰਟੀ ਸੰਸਥਾ ਵੱਡੀ ਜਾਂ ਉਚੇਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜਿਹੜਾ ਵੀ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਮੁਨਕਰ ਹੁੰਦਾ ਹੈ ਉਸ ਨੂੰ ਮੁਖਧਾਰਾ ਵਿੱਚ ਰਹਿਣ ਦਾ ਵੀ ਕੋਈ ਹੱਕ ਨਹੀਂ ਹੈ। ਭਾਵ ਉਨ੍ਹਾਂ ਵਿਰੁੱਧ ਸਖ਼ਤ ਪੰਥਕ ਰਹੁਰੀਤਾਂ ਅਨੁਸਾਰ ਐਕਸ਼ਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਸਦੀਵੀ ਤੌਰ ਤੇ ਕਾਇਮ ਰੱਖਣ ਲਈ ਜਥੇਦਾਰ ਸਾਹਿਬ ਨੂੰ 2 ਦਸਬੰਰ 2024 ਵਾਲੇ ਹੁਕਮ ਤੇ ਇਨਬਿਨ ਅਮਲ ਕਰਵਾਉਣਾ ਚਾਹੀਦਾ ਹੈ।