ਜੋਗਿੰਦਰ ਪਾਲ ਸਿੰਘ ਕੁੰਦਰਾ
ਅੰਮ੍ਰਿਤਸਰ / 17 ਜਨਵਰੀ :
ਦਿਹਾਤੀ ਪੁਲਿਸ ਜ਼ਿਲ੍ਹੇ ਦੇ ਸਰਹਦੀ ਸਬ ਡਵੀਜਨ ਅਜਨਾਲਾ ਦੇ ਉੱਪ ਪੁਲਿਸ ਕਪਤਾਨ ਗੁਰਵਿੰਦਰ ਸਿੰਘ ਔਲਖ ਨੇ ਬੀਤੀ ਸ਼ਾਮ ਇੱਕ ਪੱਤਰ ਵਾਰਤਾ ਦੌਰਾਨ ਦਸਿਆ ਕਿ ਬਾਰਡਰ ਰੇਂਜ ਦੇ ਡੀ ਆਈ ਜੀ ਸਤਿੰਦਰ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਦਿਹਾਤੀ ਚਰਨਜੀਤ ਸਿੰਘ ਸੋਹਲ ਦੀਆਂ ਹਦਾਇਤਾਂ ਅਨੁਸਾਰ ਨਸ਼ੇ ਦੇ ਸੌਦਾਗਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿਢੀ ਮੁਹਿੰਮ ਅਧੀਨ ਥਾਣਾ ਝੰਡੇਰ ਦੀ ਪੁਲਿਸ ਵਲੋਂ ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀਆਂ ਵਸੂਲਣ ਵਾਲੇ ਗਰੋਹ ਦੇ ਤਿੰਨ ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਅੱਜ ਦੇਰ ਸ਼ਾਮ ਡੀ .ਐੱਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਥਾਣਾ ਝੰਡੇਰ ਦੀ ਐੱਸ.ਐੱਚ.ਓ. ਸਬ-ਇੰਸਪੈਕਟਰ ਕਮਲਪ੍ਰੀਤ ਕੌਰ ਦੀ ਅਗਵਾਈ ਹੇਠ ਪੁਲਿਸ ਵਲੋਂ ਕਾਬੂ ਕੀਤੇ ਇਕ ਗਰੋਹ ਦੇ ਗੁਰਗੇ ਕਾਰੋਬਾਰੀ ਲੋਕਾਂ ਤੋਂ ਫ਼ੋਨ 'ਤੇ ਡਰਾ-ਧਮਕਾ ਕੇ ਫਿਰੌਤੀਆਂ ਵਸੂਲਦੇ ਸਨ। ਉਨ੍ਹਾਂ ਕਿਹਾ ਕਿ ਇਸ ਗਰੋਹ ਸੰਬੰਧੀ ਥਾਣਾ ਝੰਡੇਰ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਲੋਕਾਂ ਨੂੰ ਡਰਾ ਕੇ ਫਿਰੌਤੀਆਂ ਮੰਗਣ ਵਾਲਾ ਇਕ ਗਰੋਹ ਇਸ ਵਕਤ ਮਹਿਲਾਂਵਾਲਾ ਦੇ ਇਲਾਕੇ ਵਿਚ ਹਥਿਆਰਾਂ ਸਮੇਤ ਕਿਸੇ ਵਾਰਦਾਤ ਦੀ ਫ਼ਿਰਾਕ ਵਿਚ ਘੁੰਮ ਰਿਹਾ ਹੈ, ਜਿਸ 'ਤੇ ਕਾਰਵਾਈ ਕਰਦਿਆਂ ਥਾਣਾ ਝੰਡੇਰ ਦੇ ਐੱਸ.ਐੱਚ.ਓ. ਕਮਲਪ੍ਰੀਤ ਕੌਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦਿਆਂ ਛਾਪੇਮਾਰੀ ਕਰਕੇ ਮਨੀਕਰਨ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਕੁਰਾਲੀਆ ਹਾਲ ਵਾਸੀ ਮਹਿਲਾਂਵਾਲਾ ਥਾਣਾ ਝੰਡੇਰ, ਵਿਜੇ ਉਰਫ਼ ਚਿੱਟੀ ਪੁੱਤਰ ਹਰਦੇਵ ਸਿੰਘ ਵਾਸੀ ਮਿਹਕਾ ਅਤੇ ਗੁਰਨੂਰਦੀਪ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਨਾਨੋਕੇ ਥਾਣਾ ਰਮਦਾਸ ਨੂੰ ਇਕ 30 ਬੋਰ ਪਿਸਟਲ, ਇਕ ਮੈਗਜ਼ੀਨ, 3 ਜ਼ਿੰਦਾ ਰੌਂਦ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ।