ਮਾਛੀਵਾੜਾ ਸਾਹਿਬ 17 ਜਨਵਰੀ (ਸੁਸ਼ੀਲ ਕੁਮਾਰ)
ਏਥੋ ਰੋਪੜ ਰੋਡ 'ਤੇ ਸਥਿਤ ਪਿੰਡ ਗੌਂਸਗੜ੍ਹ ਦੇ ਇਕ ਨੌਜਵਾਨ ਜਿਹੜਾ ਕਿ ਕੁੱਝ ਕੁ ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਪਰਿਵਾਰ ਨੂੰ ਮਿਲਣ ਆਇਆ ਸੀ ਵਲੋਂ ਆਪਣੇ ਆਪ ਨੂੰ ਹੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਉਰਫ਼ ਛਿੰਦਾ (36) ਕਰੀਬ ਛੇ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ ਜਿਹੜਾ ਕਿ ਅੱਜ ਸਵੇਰ ਵੇਲੇ ਆਪਣੀ ਕਾਰ ਵਿਚ ਇਕੱਲਾ ਹੀ ਸਵਾਰ ਹੋ ਕੇ ਖੰਨਾ ਸ਼ਹਿਰ ਵਿਖੇ ਸਥਿਤ ਇਕ ਗੰਨ ਹਾਊਸ ਤੋਂ ਆਪਣਾ ਲਾਇਸੈਂਸੀ ਰਿਵਾਲਵਰ ਲੈਣ ਗਿਆ , ਇਸ ਦੌਰਾਨ ਵਾਪਸੀ ਸਮੇ ਜਦੋਂ ਉਹ ਪਿੰਡ ਹਿਆਤਪੁਰ ਨੇੜੇ ਪਹੁੰਚਿਆ ਤਾਂ ਉਸ ਨੇ ਆਪਣੀ ਛਾਤੀ ਵਿਚ ਗੋਲੀਆਂ ਮਾਰ ਲਈਆ ਜਿਸ ਕਾਰਨ ਉਸ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਖੇਤਾਂ ਵਿਚ ਵੜ ਕੇ ਬਿਜਲੀ ਦੇ ਖੰਬੇ ਨਾਲ ਟਕਰਾ ਗਈ ਰਾਹਗੀਰਾਂ ਵਲੋਂ ਇਸ ਘਟਨਾ ਉਪਰੰਤ ਜਿੱਥੇ ਉਸ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ ਉੱਥੇ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਵੀ ਦਿੱਤੀ ਗਈ ਪਰ ਪ੍ਰਤੱਖਦਰਸ਼ੀਆਂ ਅਨੁਸਾਰ ਉਸ ਸਮੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ । ਮਿ੍ਰਤਕ ਆਪਣੇ ਪਿੱਛੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਇਕ ਛੋਟਾ ਪੁੱਤਰ 'ਤੇ ਪਤਨੀ ਛੱਡ ਗਿਆ ਹੈ । ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਸ ਪ੍ਰਸ਼ਾਸਨ ਵੀ ਮੌਕੇ ਪਹੁੰਚ ਗਿਆ ਜਿਨ੍ਹਾਂ ਮਿ੍ਰਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਭੇਜ ਕੇ ਅਗਲੇਰੀ ਕਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਸੀ ।ਘਟਨਾ ਸਬੰਧੀ ਗੱਲ ਕਰਦਿਆ ਪਰਿਵਾਰ ਦੇ ਮੈਬਰਾਂ ਦਾ ਕਹਿਣਾ ਸੀ ਮਿ੍ਰਤਕ ਸੁਰਿੰਦਰ ਕੁੱਝ ਦਿਨਾਂ ਤੋਂ ਦਿਮਾਗੀ ਪ੍ਰੇਸ਼ਾਨੀ ਵਿੱਚ ਲੱਗ ਰਿਹਾ ਸੀ ਜਿਸ ਦੇ ਚਲਦਿਆ ਹੀ ਉਸ ਨੇ ਇਹ ਬੇਹੱਦ ਮੰਦਭਾਗਾ ਕੰਮ ਕਰ ਲਿਆ ਹੋਵੇਗਾ । ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਹੈ ।