ਸ੍ਰੀ ਫ਼ਤਹਿਗੜ੍ਹ ਸਾਹਿਬ/24 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ 15ਵੇਂ ਰਾਸ਼ਟਰੀ ਮਤਦਾਤਾ ਦਿਵਸ ਨੂੰ ਸਮਰਪਿਤ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਉੱਪਰ ਚਾਨਣਾ ਪਾਇਆ।
ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਹਰ ਵਰ੍ਹੇ ਵੋਟਰ ਦਿਵਸ ਜਨਤਾ ਨੂੰ ਵੋਟ ਦੀ ਸਹੀ ਵਰਤੋਂ ਅਤੇ ਵੋਟਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਭਾਵ ਨਾਲ ਮਨਾਇਆ ਜਾਂਦਾ ਹੈ ਅਤੇ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਇਸੇ ਉਦੇਸ਼ ਨਾਲ ਇਹ ਉਸਾਰੂ ਪ੍ਰੋਗਰਾਮ ਉਲੀਕਿਆ ਗਿਆ। ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਨਾਮ ਸਿੰਘ ਦੁਆਰਾ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਲੋਕਤੰਤਰ ਵਿੱਚ ਚੋਣਾਂ ਦੀ ਮਹੱਤਤਾ ਅਤੇ ਚੋਣਾਂ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਅਵਸਰ 'ਤੇ ਆਯੋਜਿਤ ਭਾਸ਼ਣ ਮੁਕਾਬਲੇ ਵਿੱਚ ਦਿਵਿਤਾ, ਮਨਪ੍ਰੀਤ ਕੌਰ ਅਤੇ ਅਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਰਾਜਨੀਤੀ ਵਿਗਿਆਨ ਵਿਭਾਗ ਦੇ ਡਾ. ਸ਼ਵੇਤਾ ਸਹਿਗਲ, ਡਾ. ਸੰਦੀਪ ਕੌਰ ਅਤੇ ਡਾ. ਗੁਰਮੀਤ ਸਿੰਘ ਵੱਲੋਂ ਜੱਜ ਸਾਹਿਬਾਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਰਾਜਨੀਤੀ ਵਿਗਿਆਨ ਵਿਭਾਗ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।