ਸ੍ਰੀ ਫ਼ਤਹਿਗੜ੍ਹ ਸਾਹਿਬ/1 ਫ਼ਰਵਰੀ :
(ਰਵਿੰਦਰ ਸਿੰਘ ਢੀਂਡਸਾ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਿਆ ਸਕੱਤਰ ਇੰਜੀਨੀਅਰ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਦੀ ਸੁਯੋਗ ਅਗਵਾਈ ਹੇਠ ਕਾਲਜ ਦੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਨੇ ਕਾਲਜ ਦੇ ਕਮਰਸ, ਕੰਪਿਊਟਰ ਅਤੇ ਆਰਟਸ ਵਿਭਾਗਾਂ ਦੇ ਵਿਦਿਆਰਥੀਆਂ ਲਈ ਇੱਕ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਮਹਿੰਦਰਾ ਪ੍ਰਾਈਡ ਕਲਾਸਾਂ (ਨੰਦੀ ਫਾਊਂਡੇਸ਼ਨ) ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਕੁੱਲ 83 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਰਣਨਯੋਗ ਹੈ ਕਿ ਇਹ ਪਹਿਲ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਦਾ ਇੱਕ ਅਹਿਮ ਹਿੱਸਾ ਹੈ ਜਿਸ ਵਿੱਚ ਤਜਰਬੇਕਾਰ ਕਾਰਪੋਰੇਟ ਟ੍ਰੇਨਰਾਂ ਸੁਦੀਪ ਘੋਸ਼ ਅਤੇ ਰੁਬੀਨਾ ਡੇਨੀਅਲ ਵੱਲੋਂ ਵਿਦਿਆਰਥੀਆਂ ਨੂੰ ਇਕ ਹਫ਼ਤੇ ਵਿੱਚ 36 ਘੰਟਿਆਂ ਦੇ ਪ੍ਰੋਗਰਾਮ ਦੌਰਾਨ ਸ਼ਖ਼ਸੀਅਤ ਉਸਾਰੀ, ਪੇਸ਼ੇਵਰ ਸੰਚਾਰ, ਕਾਰਪੋਰੇਟ ਸੱਭਿਆਚਾਰ, ਰੁਜ਼ਗਾਰਯੋਗਤਾ ਅਤੇ ਕਾਰਪੋਰੇਟ ਤਿਆਰੀ ਨੂੰ ਵਧਾਉਣ ਆਦਿ ਵਿਸ਼ਿਆਂ 'ਤੇ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ ਗਈ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕਾਰਪੋਰੇਟ ਸੈਕਟਰਾਂ ਵੱਲੋਂ ਇਸ ਤਰ੍ਹਾਂ ਦੀ ਪ੍ਰੈਕਟੀਕਲ ਟਰੇਨਿੰਗ ਵਿਦਿਆਰਥੀਆਂ ਦੇ ਵਿਹਾਰਕ ਅਤੇ ਵਿਵਹਾਰਕ ਗਿਆਨ ਨੂੰ ਨਿਖਾਰਨ ਵਿੱਚ ਸਹਾਇਕ ਸਿੱਧ ਹੁੰਦੀ ਹੈ। ਮਹਿੰਦਰਾ ਪ੍ਰਾਈਡ ਕਲਾਸਾਂ ਦੇ ਸਿਖਲਾਈ ਪ੍ਰੋਗਰਾਮ ਦੇ ਮੁਖੀ ਤਰੁਣ ਨੇ ਵਿਦਾਇਗੀ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਵੱਲੋਂ ਸਭ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ ਅਤੇ ਪ੍ਰੋਗਰਾਮ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਕਾਲਜ ਦੇ ਡੀਨ ਪਲੇਸਮੈਂਟ ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਕਾਲਜ ਦੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਸਮੇਂ-ਸਮੇਂ 'ਤੇ ਵਿਦਿਆਰਥੀਆਂ ਨੂੰ ਬਿਹਤਰ ਭਵਿੱਖ ਪ੍ਰਦਾਨ ਕਰਨ ਅਤੇ ਰੁਜ਼ਗਾਰ ਦੇ ਅਵਸਰ ਮੁਹਈਆ ਕਰਵਾਉਣ ਲਈ ਅਜਿਹੇ ਉਸਾਰੂ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਵਿਭਾਗਾਂ ਦੇ ਮੁਖੀ ਸਾਹਿਬਾਨਾਂ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।ਕਾਲਜ ਦੇ ਪਲੇਸਮੈਂਟ ਅਫ਼ਸਰ ਡਾ. ਸੌਰਵ ਸ਼ਰਮਾ ਨੇ ਕਿਹਾ ਕਿ ਨੌਜਵਾਨ ਪ੍ਰਤਿਭਾਵਾਂ ਨੂੰ ਸ਼ਾਨਦਾਰ ਕਰੀਅਰ ਦੀਆਂ ਸੰਭਾਵਨਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਕੰਪਨੀਆਂ ਸੰਭਾਵੀ ਉਮੀਦਵਾਰਾਂ ਦੀ ਖੋਜ ਕਰਨ ਲਈ ਕਾਲਜ ਕੈਂਪਸ ਵਿਖੇ ਇਕੱਤਰ ਹੁੰਦੀਆਂ ਹਨ ਅਤੇ ਮਹਿੰਦਰਾ ਪ੍ਰਾਈਡ ਕਲਾਸਾਂ ਵਰਗੀ ਨਾਮਵਰ ਕੰਪਨੀ ਦੁਆਰਾ ਵਿਦਿਆਰਥੀਆਂ ਨੂੰ ਵਧੀਆ ਸਿਖਲਾਈ ਪ੍ਰਾਪਤ ਕਰਨ ਦਾ ਸੁਨਹਿਰੀ ਅਵਸਰ ਮਿਲਿਆ ਹੈ।