ਸ੍ਰੀ ਫ਼ਤਹਿਗੜ੍ਹ ਸਾਹਿਬ/5 ਫ਼ਰਵਰੀ:
(ਰਵਿੰਦਰ ਸਿੰਘ ਢੀਂਡਸਾ)
ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਸਾਰ ਹੀ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਸਰਕਾਰ ਨੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਲੋਕਾਂ 'ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚੱਲਦਿਆਂ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਹੋ ਕੇ 30 ਪੰਜਾਬੀ ਮੂਲ ਦੇ ਵਿਅਕਤੀ ਅੰਮ੍ਰਿਤਸਰ ਵਿਖੇ ਪਹੁੰਚੇ ਹਨ ਜਿਹਨਾਂ 'ਚੋਂ ਇੱਕ ਜ਼ਿਲਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕਾਹਨਪੁਰਾ ਦਾ ਵਸਨੀਕ ਨੌਜਵਾਨ ਸੁਖਵਿੰਦਰ ਸਿੰਘ ਵੀ ਦੱਸਿਆ ਜਾ ਰਿਹਾ ਹੈ।ਪੱਤਰਕਾਰਾਂ ਵੱਲੋਂ ਜਦੋਂ ਸੁਖਵਿੰਦਰ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਸਦੇ ਪਿਤਾ ਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਛੋਟਾ ਕਿਸਾਨ ਹੈ ਤੇ ਉਨਾਂ ਕੋਲ ਸਿਰਫ ਇੱਕ ਕਿੱਲਾ ਜ਼ਮੀਨ ਹੈ ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਨਾ ਚਲਦਾ ਦੇਖ ਚੰਗੇ ਭਵਿੱਖ ਦੀ ਆਸ ਲੈ ਕੇ ਉੁਸਦਾ ਛੋਟਾ ਲੜਕਾ ਸੁਖਵਿੰਦਰ ਸਿੰਘ(30) ਜੋ ਕਿ ਹਾਲੇ ਕੁੰਵਾਰਾ ਹੈ ਬੀਤੀ 16 ਅਕਤੂਬਰ ਨੂੰ ਘਰੋਂ ਅਮਰੀਕਾ ਜਾਣ ਲਈ ਰਵਾਨਾ ਹੋਇਆ ਸੀ ਜੋ ਕਿ ਅਨੇਕਾਂ ਮੁਸ਼ਕਿਲਾਂ ਵਿੱਚੋਂ ਗੁਜ਼ਰਦਾ ਹੋਇਆ ਬੀਤੀ 15 ਜਨਵਰੀ ਨੂੰ ਬਾਰਡਰ ਟੱਪ ਕੇ ਅਮਰੀਕਾ ਪਹੁੰਚਿਆ ਸੀ ਜਿਸ ਨੂੰ ਅਮਰੀਕਾ ਦੇ ਨਵੇਂ ਕਾਨੂੰਨ ਤਹਿਤ ਫੜ੍ਹ ਕੇ ਡਿਪੋਰਟ ਕਰ ਦਿੱਤੇ ਜਾਣ ਦੀ ਖਬਰ ਪਰਿਵਾਰ ਨੂੰ ਪਿੰਡ ਦੇ ਲੋਕਾਂ ਤੋਂ ਹੀ ਪਤਾ ਲੱਗੀ ਹੈ।ਜੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੂੰ ਅਮਰੀਕਾ ਭੇਜਣ 'ਤੇ ਉਨਾਂ ਦੇ 50 ਲੱਖ ਰੁਪਏ ਖਰਚ ਹੋ ਗਏ ਜੋ ਉਨਾਂ ਨੇ ਵੱਖ-ਵੱਖ ਰਿਸ਼ਤੇਦਾਰਾਂ,ਜਾਣਕਾਰਾਂ ਅਤੇ ਸੁਨਿਆਰਾਂ ਤੋਂ ਵਿਆਜ਼ 'ਤੇ ਚੁੱਕ ਕੇ ਦਿੱਤੇ ਸਨ ਤਾਂ ਜੋ ਤੰਗੀਆਂ ਤੁਰਸ਼ੀਆਂ ਨਾਲ ਘੁਲ ਰਹੇ ਉਨਾਂ ਦੇ ਪਰਿਵਾਰ ਦਾ ਭਵਿੱਖ ਸੰਵਰ ਸਕੇ ਪਰ ਸੁਖਵਿੰਦਰ ਸਿੰਘ ਦੇ ਅਮਰੀਕਾ ਤੋਂ ਡਿਪੋਰਟ ਹੋ ਜਾਣ ਦੀ ਖਬਰ ਨੇ ਸਾਰੇ ਪਰਿਵਾਰ ਨੂੰ ਹੋਰ ਵੀ ਡੂੰਘੀ ਚਿੰਤਾ ਵਿੱਚ ਪਾ ਦਿੱਤਾ ਹੈ।ਉਨਾਂ ਮੰਗ ਕੀਤੀ ਕਿ ਸਰਕਾਰ ਉਨਾਂ ਦੇ ਪਰਿਵਾਰ ਦੀ ਮੱਦਦ ਲਈ ਜ਼ਰੂਰ ਬਹੁੜੇ।