ਮੁੱਲਾਂਪੁਰ ਦਾਖਾ, 12 ਫਰਵਰੀ=ਸਤਿਨਾਮ ਬੜੈਚ=
ਸਬ ਡਵੀਜਨ ਦਾਖਾ ਅਧੀਨ ਪੈਂਦੀ ਚੌਂਕੀ ਛਪਾਰ ਦੀ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਕਾਰ ਚਾਲਕ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਉਪਰੰਤ ਉਸਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਬ ਡਵੀਜਨ ਦਾਖਾ ਦੇ ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਥਾਣਾ ਜੋਧਾਂ ਮੁੱਖੀ ਇੰਸਪੈਕਟਰ ਦਵਿੰਦਰ ਸਿੰਘ ਦੀ ਨਿਗਰਾਨੀ ਹੇਠ ਚੌਂਕੀ ਛਪਾਰ ਦੇ ਇੰਚਾਰਜ਼ ਐਸ.ਆਈ. ਗੁਰਦੀਪ ਸਿੰਘ ਜਦੋਂ ਆਪਣੇ ਪੁਲਿਸ ਪਾਰਟੀ ਨਾਲ ਨਾਕਾਬੰਦੀ ਦੌਰਾਨ ਰਛੀਨ ਰੋਡ ਛਪਾਰ ਨੇੜੇ ਸਥਿਤ ਆਟਾ ਮਿਲ ਕੋਲ ਸ਼ੱਕੀ ਪੁਰਸ਼ਾ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਪਿੰਡ ਰਛੀਨ ਵੱਲੋ ਇੱਕ ਤੇਜ ਰਫਤਾਰ ਕਾਲੇ ਰੰਗ ਦੀ ਕਰੂਜ ਗੱਡੀ ਆਉਂਦੀ ਦਿਖਾਈ ਦਿੱਤੀ,ਜਿਸ ਦੇ ਡਰਾਇਵਰ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਗੱਡੀ ਪਿੱਛੇ ਮੋੜਕੇ ਭਜਾਉਣ ਦੀ ਕੋਸ਼ਿਸ ਕੀਤੀ, ਤਾਂ ਉਹਨਾਂ ਪੁਲਿਸ ਪਾਰਟੀ ਦੀ ਮਦਦ ਗੱਡੀ ਰੋਕਕੇ ਚਾਲਕ ਦਾ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਮੋਹਿਤ ਸ਼ਰਮਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਛਪਾਰ ਦੱਸਿਆ। ਖੋਸਾ ਨੇ ਦੱਸਿਆ ਕਿ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਇੱਕ ਲਿਫਾਫੀ ਰੱਖੀ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਉੱਕਤ ਲਿਫਾਫੀ, ਕਾਰ ਨੂੰ ਆਪਣੇ ਕਬਜੇ ਵਿੱਚ ਲੈਣ ਉਪਰੰਤ ਅਤੇ ਚਾਲਕ ਨੂੰ ਕਾਬੂ ਕਰਕੇ ਉਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।