ਸ੍ਰੀ ਫ਼ਤਹਿਗੜ੍ਹ ਸਾਹਿਬ/12 ਫਰਵਰੀ:
(ਰਵਿੰਦਰ ਸਿੰਘ ਢੀਂਡਸਾ)
ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਨੇ ਦੋ ਆਲਟੋ ਕਾਰ ਸਵਾਰ ਵਿਅਕਤੀਆਂ ਨੂੰ 815 ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਸਮੇਤ ਗਿ੍ਰਫਤਾਰ ਕੀਤੇ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਥਾਣਾ ਬਡਾਲੀ ਆਲਾ ਸਿੰਘ ਦੀ ਇੱਕ ਪੁਲਿਸ ਪਾਰਟੀ ਬਡਾਲੀ ਆਲਾ ਸਿੰਘ ਦੇ ਇੱਟਾਂ ਵਾਲੇ ਭੱਠੇ ਨਜ਼ਦੀਕ ਮੌਜ਼ੂਦ ਸੀ ਤਾਂ ਹੰਸਾਲੀ ਸਾਹਿਬ ਵੱਲੋਂ ਆਲਟੋ ਕਾਰ 'ਚ ਆ ਰਹੇ ਦੋ ਵਿਅਕਤੀਆਂ ਨੂੰ ਚੈਕਿੰਗ ਲਈ ਰੋਕਿਆ ਗਿਆ ਤੇ ਪੁਲਿਸ ਕਰਮਚਾਰੀਆਂ ਵੱਲੋਂ ਪੁੱਛੇ ਜਾਣ 'ਤੇ ਕਾਰ ਚਾਲਕ ਨੇ ਆਪਣੀ ਪਹਿਚਾਣ ਕਮਲਜੀਤ ਸਿੰਘ ੳਰਫ ਕਮਲ ਵਾਸੀ ਪਿੰਡ ਬੂਸੋਵਾਲ(ਕਪੂਰਥਲਾ) ਹਾਲ ਵਾਸੀ ਪਿੰਡ ਬਰਾਸ ਵਜੋਂ ਅਤੇ ਨਾਲ ਦੀ ਸੀਟ 'ਤੇ ਬੈਠੇ ਵਿਅਕਤੀ ਨੇ ਆਪਣੀ ਪਹਿਚਾਣ ਰਣਜੀਤ ਸਿੰਘ ਉਰਫ ਰਾਣਾ ਵਾਸੀ ਪਿੰਡ ਬਰਾਸ ਵਜੋਂ ਦੱਸੀ।ਸਹਾਇਕ ਥਾਣੇਦਾਰ ਬਲਕਾਰ ਸਿੰਘ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਕਾਰ 'ਚੋਂ 815 ਐਲਪ੍ਰਾਜ਼ੋਲਮ ਗੋਲੀਆਂ ਬਰਾਮਦ ਹੋਈਆਂ।ਇਸ ਸਬੰਧੀ ਥਾਣਾ ਬਡਾਲੀ ਆਲਾ ਸਿੰਘ ਵਿਖੇ ਅ/ਧ 22/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕਰਵਾਏ ਗਏ ਮੁਕੱਦਮੇ 'ਚ ਦੋਵਾਂ ਨੂੰ ਗਿ੍ਰਫਤਾਰ ਕਰਕੇ ਸਹਾਇਕ ਥਾਣੇਦਾਰ ਬਲਕਾਰ ਸਿੰਘ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।