ਰਾਧੇ ਸ਼ਾਮ ਜ਼ੈਨ
19 ਫ਼ਰਵਰੀ 2025 ਮੌੜ ਮੰਡੀ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਐੱਸਐੱਸਪੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ ਮੁਹਿੰਮ ਦੇ ਚੱਲਦਿਆਂ ਜ਼ਿਲ੍ਹੇ ਭਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਨਸ਼ਿਆਂ ਦੇ ਕੋਹੜ ਨੂੰ ਜੜੋ ਖਤਮ ਕਰਨ ਦੇ ਮੰਤਵ ਨਾਲ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਇਸ ਸਬੰਧੀ ਇਕ ਪਬਲਿਕ ਮੀਟਿੰਗ ਥਾਣਾ ਮੌੜ ਦੇ ਅਧੀਨ ਮੌੜ ਮੰਡੀ ਦੇ ਗਊਸ਼ਾਲਾ ਭਵਨ ਵਿਖੇ ਕੀਤੀ ਗਈ। ਇਸ ਮੌਕੇ ਬਠਿੰਡਾ ਦੇ ਐਸ ਪੀ (ਪੀ ਬੀ ਆਈ) ਸ੍ਰ ਅਮਰਜੀਤ ਸਿੰਘ ਸਿੱਧੂ ਅਤੇ ਥਾਣਾ ਮੁਖੀ ਮਨਜੀਤ ਸਿੰਘ ਵੱਲੋਂ ਨਸ਼ਿਆਂ ਦੀ ਸਮਾਜਿਕ ਬੁਰਾਈ ਬਾਰੇ ਅਤੇ ਇਸ ਨੂੰ ਖਤਮ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਇਸ ਪਬਲਿਕ ਮੀਟਿੰਗ ਵਿੱਚ ਮੰਡੀ ਨਿਵਾਸੀਆਂ ਤੋਂ ਇਲਾਵਾ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਆਗੂਆਂ ਦੇ ਨਾਲ ਨਾਲ ਨੇੜਲੇ ਪਿੰਡਾਂ ਦੇ ਵਾਸੀਆਂ ਨੇ ਵੀ ਸਮੂਲੀਅਤ ਕੀਤੀ। ਇਸ ਮੌਕੇ ਐਸ ਪੀ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਨਸ਼ਾ ਸਾਡੇ ਸਮਾਜ ਤੇ ਇੱਕ ਬਹੁਤ ਵੱਡਾ ਕਲੰਕ ਹੈ। ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਨਸ਼ਿਆਂ ਦਾ ਖਾਤਮਾ ਕਰਨਾ ਅੱਜ ਸਮੇਂ ਦੀ ਵੱਡੀ ਲੋੜ ਹੈ। ਨਸ਼ਿਆਂ ਦਾ ਖਾਤਮਾ ਤਾਂ ਹੀ ਹੋ ਸਕਦਾ ਹੈ ਜੇ ਇਸ ਮਹਿਮ ਵਿੱਚ ਸਾਡੇ ਸਾਰਿਆਂ ਦਾ ਯੋਗਦਾਨ ਹੋਵੇਗਾ। ਨਸ਼ੇ ਦਾ ਆਦੀ ਮਨੁੱਖ ਜਿਥੇ ਆਰਥਿਕ ਤੌਰ 'ਤੇ ਕਮਜ਼ੋਰ ਹੋ ਜਾਂਦਾ ਹੈ, ਉਥੇ ਸਰੀਰਕ ਤੌਰ 'ਤੇ ਵੀ ਕਮਜ਼ੋਰ ਹੋ ਜਾਂਦਾ ਹੈ। ਉਹ ਨਸ਼ੇ ਤੋਂ ਛੁਟਕਾਰਾ ਪਾਉਣ ਦੀ ਬਜਾਏ ਆਪਣੇ ਸਮੂਹ ਪਰਿਵਾਰ ਨੂੰ ਨਰਕ ਭੋਗਣ ਲਈ ਮਜਬੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਸ਼ਿਆਂ ਦੇ ਵੇਚਣ ਵਾਲਿਆਂ ਦੀ ਸੂਚਨਾ ਨੂੰ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਸੰਤ ਫਤਿਹ ਸਿੰਘ ਕਾਨਵੈਂਟ ਸਕੂਲ ਦੇ ਚੇਅਰਮੈਨ ਡਾਕਟਰ ਸਵਰਨ ਪ੍ਰਕਾਸ਼ ਨੇ ਆਪਣੇ ਵਿਚਾਰ ਪੁਲਿਸ ਪ੍ਰਸ਼ਾਸਨ ਅਤੇ ਮੰਡੀ ਨਿਵਾਸੀਆਂ ਨਾਲ ਸਾਂਝੇ ਕੀਤੇ ਜਿਸ ਦੀ ਐਸ ਪੀ ਅਮਰਜੀਤ ਸਿੰਘ ਸਿੱਧੂ ਵੱਲੋਂ ਪ੍ਰਸੰਸਾ ਕੀਤੀ ਗਈ। ਇਸ ਪ੍ਰੋਗਰਾਮ ਨੂੰ ਕਰਾਉਣ ਲਈ ਥਾਣਾ ਮੁਖੀ ਮੌੜ ਮਨਜੀਤ ਸਿੰਘ, ਏਐਸਆਈ ਮੰਦਰ ਸਿੰਘ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਇਸ ਮੌਕੇ ਐਡਵੋਕੇਟ ਤਰਸੇਮ ਚੰਦ, ਸਾਧੂ ਰਾਮ, ਹੈਪੀ ਜਿੰਦਲ, ਮਨਜੀਤ ਸਿੰਘ ਬਾਬੇ ਕਾ, ਡਾਕਟਰ ਬੂਟਾ ਸਿੰਘ ਕਲੇਰ, ਮੋਹਨ ਲਾਲ, ਐਡਵੋਕੇਟ ਭਾਰਤ ਭੂਸ਼ਣ ਆਦਿ ਮੌਜੂਦ ਸਨ।