ਸ੍ਰੀ ਫ਼ਤਹਿਗੜ੍ਹ ਸਾਹਿਬ/21 ਫ਼ਰਵਰੀ:
(ਰਵਿੰਦਰ ਸਿੰਘ ਢੀਂਡਸਾ)
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਅੱਜ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ.ਵਨੀਤਾ ਗਰਗ ਦੀ ਅਗਵਾਈ ਅਧੀਨ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾਕਟਰ ਸਤਿੰਦਰ ਸਿੰਘ ਨੰਦਾ (ਉੱਘੇ ਲੇਖਕ ਅਤੇ ਪੰਜਾਬੀ ਨਾਟਕਕਾਰ ਅਤੇ ਸਾਬਕਾ ਅਸਿਸਟੈਂਟ ਡਾਇਰੈਕਟਰ) ਡਾ.ਹਰਨੇਕ ਸਿੰਘ (ਸਾਬਕਾ ਅਸਿਸਟੈਂਟ ਡਾਇਰੈਕਟਰ) ਵੀ ਵਿਸ਼ੇਸ਼ ਤੌਰ ਤੇ ਕਾਲਜ ਪਹੁੰਚੇ। ਡਾ.ਵਨੀਤਾ ਗਰਗ ਨੇ ਉਹਨਾਂ ਨੂੰ ਨਿੱਘੀ ਜੀ ਆਇਆ ਆਖਦਿਆਂ ਸੰਖੇਪ ਸ਼ਬਦਾਂ ਵਿੱਚ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਨਾਲ ਜੁੜਨ ਦਾ ਸੁਨੇਹਾ ਦਿੱਤਾ। ਡਾ.ਹਰਨੇਕ ਸਿੰਘ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਇਤਿਹਾਸ ਬਾਰੇ ਦੱਸਦਿਆਂ ਬੋਲੀ ਅਤੇ ਭਾਸ਼ਾ ਵਿਚਲਾ ਫਰਕ ਵਿਦਿਆਰਥੀਆਂ ਨੂੰ ਦੱਸਿਆ। ਡਾ.ਸਤਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ। ਉਹਨਾਂ ਨੇ ਕਿਹਾ ਕਿ ਇਹ ਇਲਾਕਾ ਬਹੁਤ ਹੀ ਭਾਗਾਂ ਵਾਲਾ ਹੈ ਜਿੱਥੇ ਵਿਦਿਆਰਥੀਆਂ ਰੂਪੀ ਗੁਲਜ਼ਾਰ ਖਿੜੀ ਹੋਈ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਪਹਿਲਾ ਸਥਾਨ ਸ਼ਰਨਜੀਤ ਕੌਰ ਬੀ.ਏ ਭਾਗ ਪਹਿਲਾ, ਦੂਜਾ ਸਥਾਨ ਜਸ਼ਨ ਬੀ.ਕਾਮ ਭਾਗ ਤੀਜਾ,ਤੀਜਾ ਸਥਾਨ ਹਰਮਨਜੀਤ ਸਿੰਘ, ਬੀਏ ਭਾਗ ਪਹਿਲਾਂ ਨੇ ਪ੍ਰਾਪਤ ਕੀਤਾ। ਆਏ ਮਹਿਮਾਨਾਂ ਵੱਲੋਂ ਇਹਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਅਤੇ ਪੰਜਾਬੀ ਵਿਭਾਗ ਵੱਲੋਂ ਆਏ ਹੋਏ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ.ਦਵਿੰਦਰ ਸਿੰਘ ਨੇ ਨਿਭਾਈ। ਪ੍ਰੋਗਰਾਮ ਦੀ ਦੇਖ ਰੇਖ ਡਾ.ਸ਼ਾਹਬਾਸ਼ ਸਿੰਘ,ਡਾ.ਬਲ ਬਹਾਦਰ ਸਿੰਘ, ਡਾ.ਜਸਬੀਰ ਸਿੰਘ ਅਤੇ ਡਾ. ਜਸਦੀਪ ਕੌਰ ਨੇ ਕੀਤੀ। ਅੰਤ ਵਿੱਚ ਡਾ. ਜਸਵੀਰ ਕੌਰ ਨੇ ਆਏ ਮਹਿਮਾਨਾਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।