ਮੋਰਿੰਡਾ, 28 ਫਰਵਰੀ (ਲਖਵੀਰ ਸਿੰਘ)
ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਦਿਆਂ ਡੀ.ਐੱਸ.ਪੀ. ਮੋਰਿੰਡਾ ਜਤਿੰਦਰਪਾਲ ਸਿੰਘ ਮੱਲੀ ਦੀ ਅਗਵਾਈ ਹੇਠ ਪਿੰਡ ਓਇੰਦ ਦੇ ਇੱਕ ਪਤੀ-ਪਤਨੀ ਨੂੰ 250 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸ਼ਵਿੰਦਰ ਸਿੰਘ ਐੱਸ.ਐੱਚ.ਓ. ਮੋਰਿੰਡਾ ਸਦਰ ਨੇ ਦੱਸਿਆ ਕਿ ਪੁਲਿਸ ਚੌਂਕੀ ਲੁਠੇੜੀ ਦੇ ਇੰਚਾਰਜ ਸੰਜੀਵ ਕੁਮਾਰ ਵਲੋਂ ਏ.ਐੱਸ.ਆਈ. ਬਲਵੀਰ ਸਿੰਘ, ਸਿਪਾਹੀ ਲਖਵਿੰਦਰ ਕੌਰ, ਸਿਪਾਹੀ ਗੁਰਵਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਦੀ ਪੁਲਿਸ ਪਾਰਟੀ ਵਲੋਂ ਪਿੰਡ ਰਾਮਗੜ੍ਹ ਨੇੜੇ ਸਰਹਿੰਦ ਨਹਿਰ ਦੇ ਪੁਲ ਤੇ ਨਾਕਾਬੰਦੀ ਕਰਕੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਪਾਰਟੀ ਵਲੋਂ ਇੱਕ ਜੋੜੇ ਨੂੰ 250 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਰਜਿੰਦਰ ਸਿੰਘ ਰਾਜਾ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਓਇੰਦ ਅਤੇ ਉਸਦੀ ਪਤਨੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।