ਪੀ.ਪੀ. ਵਰਮਾ
ਪੰਚਕੂਲਾ, 8 ਮਾਰਚ
ਪੰਚਕੂਲਾ ਦੇ ਟਾਊਨ ਪਾਰਕ ਵਿੱਚ ਬਸੰਤ ਮੇਲਾ ਸ਼ੁਰੂ ਹੋ ਗਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਮੇਲੇ ਦਾ ਉਦਘਾਟਨ ਕੀਤਾ। ਉਹਨਾਂ ਨੇ ਕਾਫੀ ਸਮਾਂ ਕੱਟ ਫਲਾਵਰ ਪ੍ਰਦਰਸ਼ਨੀ ਵਿੱਚ ਬਤੀਤ ਕੀਤਾ ਅਤੇ ਫੁੱਲਾਂ ਦੀ ਪ੍ਰਦਰਸ਼ਨ ਤੋਂ ਬਾਅਦ ਮੁੱਖ ਮੰਤਰੀ ਨੇ ਦੇਸ ਦੀਆਂ ਵੱਖ ਵੱਖ ਰੁੱਤਾਂ ਬਾਰੇ ਗੱਲਬਾਤ ਕੀਤੀ। ਉਹਨਾਂ ਨੇ ਇਸ ਮੇਲੇ ਵਿੱਚ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ।
ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਮੇਲਾ ਪੂਰੀ ਤਰ੍ਹਾਂ ਫਿੱਕਾ ਰਿਹਾ। ਮੇਲੇ ਦੇ ਮੁੱਖ ਗਰਾਊਂਡ ਵਿੱਚ ਅਤੇ ਮੇਨ ਗੇਟ ਦੀ ਇੰਟਰੀ ਉੱਤੇ ਟਾਂਵੇਂ ਟਾਂਵੇਂ ਲੋਕ ਦਿਖਾਈ ਦਿੱਤੇ। ਮੇਲੇ ਵਿੱਚ 300 ਕਿਸਮ ਦੀਆਂ ਫੁੱਲਾਂ ਦੀਆਂ ਪ੍ਰਦਰਸ਼ਨੀਆਂ ਲੱਗਾਈਆਂ ਹੋਈਆਂ ਸਨ। ਭਾਰਤ ਸਕੂਲ ਅਤੇ ਟਿੰਕਲਬੈੱਲ ਸਕੂਲ ਨੇ ਗੁਲਦਸਤੇ ਵਿੱਚ ਫੁੱਲ ਸਜਾਉਣ ਲਈ ਅਤੇ ਫੁੱਲਾਂ ਦੇ ਹਾਰ ਬਣਾਉਣ ਦੀ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਫੁੱਲਾਂ ਦੀਆਂ ਹੋਰ ਕੈਟਾਗਰੀਆਂ ਵਿੱਚ ਭਾਰਤ ਸਕੂਲ ਅਤੇ ਟਿੰਕਲਬੈੱਲ ਸਕੂਲ ਨੇ ਤਿੰਨ ਦੂਜੇ ਸਥਾਨ ਦੇ ਇਨਾਮ ਪ੍ਰਾਪਤ ਕੀਤੇ। ਮੇਲੇ ਵਿੱਚ ਭੰਗੜਾ ਅਤੇ ਹਰਿਆਣਾ ਦੀ ਨਗਾਰਾ ਪਾਰਟੀ ਨੇ ਵੀ ਪੇਸ਼ਕਾਰੀ ਕੀਤੀ। ਇਸ ਮੌਕੇ ਤੇ ਸ਼ਹਿਰੀ ਵਿਕਾਸ ਅਥਾਰਟੀ ਹੁੱਡਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਅਫ਼ਸਰ ਵੀ ਮੌਜੂਦ ਸਨ। ਫੁੱਲਾਂ ਦੇ ਇਸ ਮੇਲੇ ਵਿੱਚ ਸਕੂਲ ਗਾਰਡਨ ਦੇ ਮੁਕਾਬਲੇ ਵਿੱਚ ਸੈਕਟਰ-2 ਸਥਿਤ ਸਤਲੁਜ ਪਬਲਿਕ ਸਕੂਲ ਨੇ ਐਫ-06 ਕੈਟਾਗਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸੈਕਟਰ-6 ਹੰਸ ਰਾਜ ਪਬਲਿਕ ਸਕੂਲ ਨੇ 2 ਸਥਾਨ ਪ੍ਰਾਪਤ ਕੀਤਾ। ਐਫ-07 ਦੀ ਕੈਟਾਗਰੀ ਵਿੱਚ ਸੈਕਟਰ-20 ਦੇ ਗੁਰੂਕੁਲ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਸੈਕਟਰ-15 ਦੇ ਭਵਨ ਵਿਦਿਆਲਾ ਅਤੇ ਸੈਕਟਰ-16 ਦੇ ਸੈਂਟ ਸੋਲਡਰ ਸਕੂਲ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।