ਰੋਮੀ ਕਪੂਰ, ਸੁਰਿੰਦਰ ਦਮਦਮੀ
ਕੋਟਕਪੂਰਾ,11 ਮਾਰਚ :
ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਬੱਚਿਆਂ ਦੇ ਇਲਾਜ ਲਈ ਹੁਣ ਚੰਡੀਗੜ੍ਹ ਬੱਚਿਆਂ ਦਾ ਹਸਪਤਾਲ ਕੋਟਕਪੁਰਾ ਵਿਖੇ ਮਹੀਨੇ ਦੇ ਹਰ ਦੂਜੇ ਅਤੇ ਚੌਥੇ ਮੰਗਲਵਾਰ ਮੁਫਤ ਜਾਂਚ ਕੀਤੀ ਜਾਵੇਗੀ। ਇਸੇ ਤਹਿਤ ਅੱਜ ਚੰਡੀਗੜ੍ਹ ਬੱਚਿਆਂ ਦਾ ਹਸਪਤਾਲ ਕੋਟਕਪੁਰਾ ਵਿਖੇ ਓਪੀਡੀ ਦਾ ਉਦਘਾਟਨ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਵੱਲੋਂ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਹੁਣ ਇਲਾਕੇ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਸਕੂਲ ਹੈਲਥ ਪ੍ਰੋਗਰਾਮ ਅਧੀਨ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਅਪ੍ਰੇਸ਼ਨ ਇਸ ਹਸਪਤਾਲ ਵਿੱਚ ਮੁਫਤ ਕੀਤੇ ਜਾਣਗੇ। ਇਸ ਤੋਂ ਪਹਿਲਾਂ ਸਕੂਲੀ ਬੱਚਿਆਂ ਨੂੰ ਇਲਾਜ ਲਈ ਲੁਧਿਆਣਾ ਜਾਂ ਚੰਡੀਗੜ੍ਹ ਭੇਜਣਾ ਪੈਂਦਾ ਸੀ ਜਿਸ ਨਾਲ ਉਹਨਾਂ ਦਾ ਕਾਫੀ ਸਮਾਂ ਵੀ ਖਰਾਬ ਹੋ ਜਾਂਦਾ ਸੀ। ਹੁਣ ਇਹ ਸਹੂਲਤ ਕੋਟਕਪੁਰਾ ਵਿਖੇ ਮਿਲਣ ਕਾਰਨ ਇਲਾਕੇ ਦੇ ਲੋਕਾਂ ਨੂੰ ਇਸਦਾ ਫਾਇਦਾ ਮਿਲੇਗਾ। ਇਸ ਮੌਕੇ ਚੰਡੀਗੜ੍ਹ ਬੱਚਿਆਂ ਦੇ ਹਸਪਤਾਲ ਦੇ ਡਾਇਰੈਕਟਰ ਡਾ. ਰਵੀ ਬਾਂਸਲ ਨੇ ਦੱਸਿਆ ਕਿ ਡੀ.ਐਮ.ਸੀ. ਹੀਰੋ ਹਾਰਟ ਲੁਧਿਆਣਾ ਦੇ ਬੱਚਿਆਂ ਦੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਅੰਸ਼ੁਮਨ ਗੁਪਤਾ ਹਰ ਦੂਜੇ ਅਤੇ ਚੌਥੇ ਮੰਗਲਵਾਰ ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਜਾਂਚ ਕਰਨਗੇ। ਉਹਨਾਂ ਦੱਸਿਆ ਕਿ ਇਸ ਦੌਰਾਨ ਕੋਈ ਕੰਸਲਟੇਸ਼ਨ ਫੀਸ ਨਹੀਂ ਲਈ ਜਾਵੇਗੀ, ਸਿਰਫ 100 ਰੁਪਏ ਰਜਿਸਟ੍ਰੇਸ਼ਨ ਫੀਸ ਲਈ ਜਾਵੇਗੀ ਅਤੇ ਈਕੋ ਅਤੇ ਈਸੀਜੀ ਦਾ ਵੀ ਕੋਈ ਪੈਸਾ ਨਹੀਂ ਲਿਆ ਜਾਵੇਗਾ। ਇਸ ਮੌਕੇ ਬੱਚਿਆਂ ਦੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਅੰਸ਼ੁਮਨ ਗੁਪਤਾ, ਡਾ. ਹਰਪਾਲ ਸਿੰਘ, ਡਾ. ਰੋਹਿਤ, ਡਾ. ਗਗਨਦੀਪ ਸ਼ਰਮਾ, ਸ਼੍ਰੀ ਪ੍ਰਸ਼ਾਂਤ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਅਤੇ ਹਸਪਤਾਲ ਦਾ ਹੋਰ ਸਟਾਫ ਹਾਜਰ ਸੀ।