ਚੰਡੀਗੜ੍ਹ, 16 ਅਪ੍ਰੈਲ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਹਾਲੀਆ ਵਿਵਾਦਿਤ ਬਿਆਨ, ਜਿਸ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 50 ਬੰਬ ਦਾਖਲ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 18 ਪਹਿਲਾਂ ਹੀ ਫੱਟ ਚੁੱਕੇ ਹਨ ਅਤੇ 32 ਅਜੇ ਫਟਣੇ ਬਾਕੀ ਹਨ, ਨੂੰ ਲਾਪਰਵਾਹੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ, ਜਿਸ ਦਾ ਉਦੇਸ਼ ਪੰਜਾਬ ਦੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨਾ ਹੈ। ਅਰੋੜਾ ਨੇ ਬਾਜਵਾ ਦੀ ਪੁਲਿਸ ਨਾਲ ਸਹਿਯੋਗ ਕਰਨ ਦੀ ਬਜਾਏ ਨਿੱਜੀ ਹਮਲੇ ਕਰਨ ਦੀ ਵੀ ਆਲੋਚਨਾ ਕੀਤੀ।
ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਨੂੰ ਸੰਬੋਧਿਤ ਕਰਦਿਆਂ ਅਰੋੜਾ ਨੇ ਕਿਹਾ ਕਿ ਜੇਕਰ ਅਜਿਹੇ ਬਿਆਨ ਭਰੋਸੇਯੋਗ ਜਾਣਕਾਰੀ 'ਤੇ ਆਧਾਰਿਤ ਹਨ, ਤਾਂ ਉਨ੍ਹਾਂ ਨੂੰ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ ਨਾਲ ਤੁਰੰਤ ਸਹਿਯੋਗ ਕਰਨਾ ਚਾਹੀਦਾ ਹੈ। ਅਰੋੜਾ ਨੇ ਬਾਜਵਾ ਦੀ ਜਾਣਕਾਰੀ ਦੇ ਸਰੋਤ ਨੂੰ ਪੰਜਾਬ ਪੁਲਿਸ ਅਤੇ ਖ਼ੁਫ਼ੀਆ ਅਧਿਕਾਰੀਆਂ ਨਾਲ ਸਾਂਝਾ ਨਾ ਕਰਨ ਲਈ ਵੀ ਨਿੰਦਾ ਕੀਤੀ। ਅਰੋੜਾ ਨੇ ਕਿਹਾ, "ਜੇਕਰ ਬਾਜਵਾ ਕੋਲ ਰਾਸ਼ਟਰੀ ਸੁਰੱਖਿਆ ਨਾਲ ਸਬੰਧਿਤ ਗੁਪਤ ਜਾਣਕਾਰੀ ਤੱਕ ਪਹੁੰਚ ਹੈ, ਜਿਸ ਬਾਰੇ ਖ਼ੁਫ਼ੀਆ ਏਜੰਸੀਆਂ ਨੂੰ ਵੀ ਪਤਾ ਨਹੀਂ ਹੈ, ਤਾਂ ਉਨ੍ਹਾਂ ਨੂੰ ਆਪਣੇ ਸਰੋਤ ਦਾ ਖ਼ੁਲਾਸਾ ਕਰਨਾ ਚਾਹੀਦਾ ਹੈ,ਪਰੰਤੂ ਹੁਣ ਉਹ ਬਹਾਨੇ ਬਣਾ ਰਹੇ ਹਨ।
ਅਮਨ ਅਰੋੜਾ ਨੇ ਬਾਜਵਾ ਦੇ ਅਸੰਗਤ ਦਾਅਵਿਆਂ ਨੂੰ ਉਜਾਗਰ ਕੀਤਾ, ਜਿੱਥੇ ਉਨ੍ਹਾਂ ਨੇ ਆਪਣੇ ਬਿਆਨਾਂ ਨੂੰ ਅਖ਼ਬਾਰਾਂ ਦੀਆਂ ਰਿਪੋਰਟਾਂ ਅਤੇ ਅਣਜਾਣ ਨਿੱਜੀ ਸਰੋਤਾਂ ਨਾਲ ਜੋੜਿਆ। ਅਰੋੜਾ ਨੇ ਕਿਹਾ, "ਅਜਿਹੇ ਬੇਬੁਨਿਆਦ ਦਾਅਵੇ, ਬਿਨਾਂ ਸਬੂਤਾਂ ਦੇ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਹਨ ਅਤੇ ਰਾਜਨੀਤਿਕ ਲੀਡਰਸ਼ਿਪ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਦੇ ਹਨ।"
ਅਰੋੜਾ ਨੇ ਬਾਜਵਾ ਵੱਲੋਂ ਉਨ੍ਹਾਂ ਵਿਰੁੱਧ ਨਿੱਜੀ ਟਿੱਪਣੀਆਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ, "ਮੈਂ ਕਦੇ ਵੀ ਨਿੱਜੀ ਹਮਲਿਆਂ ਜਾਂ ਛੋਟੀ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੋਇਆ। ਮੇਰੇ ਬਿਆਨ ਹਮੇਸ਼ਾ ਪੰਜਾਬ ਦੀ ਸੁਰੱਖਿਆ ਅਤੇ ਭਲਾਈ ਨਾਲ ਜੁੜੇ ਮੁੱਦਿਆਂ 'ਤੇ ਅਧਾਰਿਤ ਰਹੇ ਹਨ। ਪ੍ਰਤਾਪ ਬਾਜਵਾ ਨੇ ਨਿੱਜੀ ਟਿੱਪਣੀਆਂ ਦਾ ਸਹਾਰਾ ਲਿਆ ਹੈ, ਇਸ ਲਈ ਮੈਨੂੰ ਬੋਲਣਾ ਪੈ ਰਿਹਾ ਹੈ।"
ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਨੀਆ ਗਾਂਧੀ ਨੂੰ ਲਿਖੇ 2014 ਦੇ ਇੱਕ ਪੱਤਰ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਪ੍ਰਤਾਪ ਬਾਜਵਾ 'ਤੇ ਨਸ਼ਾ ਤਸਕਰਾਂ ਅਤੇ ਅੱਤਵਾਦੀਆਂ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ ਸੀ। ਅਰੋੜਾ ਨੇ ਕਿਹਾ ਕਿ ਬਾਜਵਾ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਇੱਕ ਨੇਤਾ ਨੇ ਉਨ੍ਹਾਂ 'ਤੇ ਅਜਿਹੇ ਦੋਸ਼ ਕਿਉਂ ਲਗਾਏ?
ਅਮਨ ਅਰੋੜਾ ਨੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਮਨਜੀਤ ਸਿੰਘ ਕਾਦੀਆਂ ਨਾਲ ਸਬੰਧਿਤ 1990-91 ਅਤੇ 92 ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, "ਬਾਜਵਾ ਨੂੰ ਪੁੱਛਗਿੱਛ ਦੌਰਾਨ ਇਸ ਅੱਤਵਾਦੀ ਦੁਆਰਾ ਕੀਤੇ ਗਏ ਖ਼ੁਲਾਸੇ ਯਾਦ ਕਰਨੇ ਚਾਹੀਦੇ ਹਨ, ਜਿਸ ਵਿੱਚ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਅਤੇ ਅਧਿਕਾਰੀਆਂ ਅਤੇ ਵਿਸਫੋਟਾਂ ਨਾਲ ਭਰੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਸ਼ਾਮਲ ਸੀ। ਇਨ੍ਹਾਂ ਮਾਮਲਿਆਂ ਨੂੰ ਇੱਕ ਰਾਸ਼ਟਰੀ ਮੈਗਜ਼ੀਨ ਨੇ ਆਪਣੀ ਜਾਂਚ ਰਿਪੋਰਟ ਰਾਹੀਂ ਕਵਰ ਕੀਤਾ ਸੀ। ਉਨ੍ਹਾਂ ਨੂੰ ਇਸ ਬਾਰੇ ਵੀ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।"
ਅਰੋੜਾ ਨੇ ਮੰਗ ਕੀਤੀ ਕਿ ਜੇਕਰ ਬਾਜਵਾ ਕੋਲ ਸੱਚਮੁੱਚ ਭਰੋਸੇਯੋਗ ਜਾਣਕਾਰੀ ਹੈ ਤਾਂ ਉਨ੍ਹਾਂ ਨੂੰ ਇਹ ਪੰਜਾਬ ਪੁਲਿਸ ਨੂੰ ਦੇਣੀ ਚਾਹੀਦੀ ਹੈ ਅਤੇ ਜੇਕਰ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ, ਤਾਂ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਦਹਿਸ਼ਤ ਪੈਦਾ ਕਰਨ ਦੀ ਬਜਾਏ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਅਮਨ ਅਰੋੜਾ ਨੇ ਪ੍ਰਤਾਪ ਬਾਜਵਾ ਨੂੰ ਜਨਤਕ ਬਹਿਸ ਲਈ ਇੱਕ ਖੁੱਲ੍ਹੀ ਚੁਣੌਤੀ ਵੀ ਦਿੱਤੀ ਅਤੇ ਉਨ੍ਹਾਂ ਨੂੰ ਸਮਾਂ, ਮਿਤੀ ਅਤੇ ਪਲੇਟਫ਼ਾਰਮ ਚੁਣਨ ਲਈ ਕਿਹਾ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਉਹ ਮੇਰੇ ਨਾਲ ਬਹਿਸ ਕਰਦੇ ਹਨ, ਤਾਂ ਮੈਂ ਪੰਜ ਮਿੰਟਾਂ ਦੇ ਅੰਦਰ ਉਨ੍ਹਾਂ ਦੇ ਬਿਆਨਾਂ ਦੀ ਸੱਚਾਈ ਦਾ ਪਰਦਾਫਾਸ਼ ਕਰ ਦਿਆਂਗਾ।