ਸ੍ਰੀ ਫ਼ਤਹਿਗੜ੍ਹ ਸਾਹਿਬ/30 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਵਿਰਾਸਤੀ ਖੇਡ ਗਤਕਾ ਉੱਤੇ ਡੀਨ ਵਿਦਿਆਰਥੀ ਭਲਾਈ ਅਤੇ ਸਰੀਰਕ ਸਿੱਖਿਆ ਅਤੇ ਖੇਡ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਵਿਰਾਸਤੀ ਅਤੇ ਸਿੱਖ ਮਾਰਸਲ ਆਰਟ ਗਤਕਾ ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਕੌਮੀ ਗਤਕਾ ਖਿਡਾਰੀ ਗੁਰਮੇਲ ਸਿੰਘ ਬਿਲਿੰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਯੂਨੀਵਰਸਿਟੀ ਦੇ ਗੱਤਕਾ ਖਿਡਾਰੀਆਂ ਨਾਲ ਆਪਣੀ ਜ਼ਿੰਦਗੀ ਅਤੇ ਖੇਡ ਦੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਪਰਿਤ ਪਾਲ ਸਿੰਘ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਦੁਆਰਾ ਸ਼ਰੀਰਕ ਸਿੱਖਿਆ ਤੇ ਖੇਡ ਟੈਕਨੋਲੋਜੀ ਵਿਭਾਗ ਵਿੱਚ ਸਾਲ 2019 ਤੋਂ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਡਾਕਟਰ ਐਸ ਪੀ ਸਿੰਘ ਉਬਰਾਏ ਹੋਰਾਂ ਦੇ ਪੂਰਨ ਸਹਿਯੋਗ ਨਾਲ ਗਤਕਾ ਖੇਡ ਦਾ ਇੱਕ ਸਾਲਾ ਕੋਰਸ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲੜਕੀਆਂ ਨੂੰ ਵੀ ਯੂਨੀਵਰਸਿਟੀ ਵਿੱਚ ਆਤਮ ਸੁਰੱਖਿਆ ਲਈ ਗੱਤਕੇ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸੈਮੀਨਾਰ ਵਿੱਚ ਪ੍ਰੋਫੈਸਰ ਡਾ. ਸੁਖਵਿੰਦਰ ਸਿੰਘ ਬਿਲਿੰਗ (ਡੀਨ ਅਕਾਦਮਿਕ ਮਾਮਲੇ ), ਡਾ. ਸਿਕੰਦਰ ਸਿੰਘ (ਡੀਨ ਵਿਦਿਆਰਥੀ ਭਲਾਈ), ਸਹਾਇਕ ਪ੍ਰੋਫੈਸਰ ਗੁਰਵਿੰਦਰ ਸਿੰਘ ਸੋਢੀ, ਸਹਾਇਕ ਪ੍ਰੋਫੈਸਰ ਹਰਜਿੰਦਰ ਕੌਰ, ਗਤਕਾ ਕੋਚ ਤਲਵਿੰਦਰ ਸਿੰਘ, ਬਹਾਦਰ ਸਿੰਘ ਰਿਸਰਚ ਸਕੋਲਰ ਅਤੇ ਯੂਨੀਵਰਸਿਟੀ ਦੇ ਸਾਰੇ ਹੀ ਗਤਕਾ ਖਿਡਾਰੀ ਅਤੇ ਖਿਡਾਰਨਾ ਵੀ ਹਾਜ਼ਰ ਸਨ।