ਸ੍ਰੀ ਫਤਿਹਗੜ੍ਹ ਸਾਹਿਬ/30 ਐਪ੍ਰਲ:
(ਰਵਿੰਦਰ ਸਿੰਘ ਢੀਂਡਸਾ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਡਾ. ਹਿਤਿੰਦਰ ਕੌਰ ਵੱਲੋਂ ਸੂਬੇ ਦੇ ਆਮ ਲੋਕਾਂ ਨੂੰ ਮਲੇਰੀਆ ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਸਟੇਟ ਪੱਧਰ ਤੋਂ ਮਲੇਰੀਆ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ । ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੋਸਟਰ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਮਲੇਰੀਆ ਖਤਮ ਕੀਤਾ ਜਾ ਸਕਦਾ ਹੈ ਅਤੇ ਜਾਗਰੂਕ ਹੋ ਕੇ ਹੀ ਅਸੀਂ ਪੰਜਾਬ ਨੂੰ ਮਲੇਰੀਆ ਮੁਕਤ ਰਾਜ ਬਣਾਉਣ ਦਾ ਟੀਚਾ ਹਾਸਲ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਸੂਬੇ ਦੇ ਪਿੰਡਾਂ, ਸ਼ਹਿਰਾਂ ਅਤੇ ਸਿਹਤ ਕੇਂਦਰਾਂ ਤੇ ਫੀਲਡ ਸਟਾਫ ਵਲੋਂ ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਹਰ ਸ਼ੁਕਰਵਾਰ ਨੂੰ "ਫਰਾਈ ਡੇਅ ਬਤੌਰ ਡਰਾਈ ਡੇਅ" ਵਜੋਂ ਮਨਾਇਆ ਜਾਂਦਾ ਹੈ ।ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮਲੇਰੀਆ ਦੀ ਜਾਂਚ ਅਤੇ ਇਸਦਾ ਇਲਾਜ ਸੂਬੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਕੀਤੀ ਜਾਂਦਾ ਹੈ , ਇਸ ਲਈ ਕੋਈ ਵੀ ਬੁਖਾਰ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਉਹਨਾਂ ਸਿਵਲ ਸਰਜਨਾਂ ਨੂੰ ਕਿਹਾ ਕਿ ਸੂਬੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ,ਪਿੰਡਾਂ ,ਸ਼ਹਿਰਾਂ ਅਤੇ ਪਬਲਿਕ ਸਥਾਨਾ ਤੇ ਮਲੇਰੀਆ ਵਿਰੋਧੀ ਜਾਗਰੂਕ ਪੋਸਟਰ ਲਗਾਏ ਜਾਣ ।ਇਸ ਮੌਕੇ ਤੇ ਹਾਜ਼ਰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਮਲੇਰੀਆਂ ਦੇ ਲੱਛਣ, ਬਚਾਅ ਅਤੇ ਇਸ ਦੇ ਇਲਾਜ਼ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਲੇਰੀਆ ਮਾਦਾ ਮੱਛਰ ਐਨਾਫ਼ਲੀਜ਼ ਦੇ ਕੱਟਣ ਨਾਲ ਫੈਲਦਾ ਹੈ ਜੋ ਕਿ ਖੜੇ ਪਾਣੀ ਵਿਚ ਪੈਦਾ ਹੁੰਦੇ ਹਨ ਇਹ ਰਾਤ ਤੇ ਸਵੇਰ ਵੇਲੇ ਕੱਟਦੇ ਹਨ , ਕਾਂਬੇ ਨਾਲ ਤੇਜ਼ ਬੁਖਾਰ ,ਸਿਰ ਦਰਦ ,ਬੁਖਾਰ ਉਤਰ ਜਾਣ ਤੇ ਪਸੀਨਾ ਆਉਣਾ , ਸਰੀਰਕ ਥਕਾਵਟ , ਕਮਜ਼ੋਰੀ ਆਦਿ ਇਸ ਦੇ ਮੁੱਖ ਲੱਛਣ ਹੁੰਦੇ ਹਨ ।ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੱਛਰਾਂ ਦੇ ਕੱਟਣ ਤੋਂ ਬਚਣ ਲਈ ਮੱਛਰਦਾਨੀ, ਮੱਛਰ ਭਜਾਓ ਕਰੀਮਾਂ, ਜਾਲੀਦਾਰ ਦਰਵਾਜੇ ਅਤੇ ਪੂਰਾ ਸਰੀਰ ਢਕਣ ਵਾਲੇ ਕੱਪੜਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਡਿਪਟੀ ਡਾਇਰੈਕਟਰ, ਸਿਵਲ ਸਰਜਨਜ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।