ਸ੍ਰੀ ਫ਼ਤਹਿਗੜ੍ਹ ਸਾਹਿਬ/30 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
ਡਾ. ਅੰਬੇਡਕਰ ਜਾਗ੍ਰਿਤੀ ਵੈਲਫੇਅਰ ਸੁਸਾਇਟੀ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਦੇ ਸਹਿਯੋਗ ਨਾਲ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ 134ਵੀਂ ਜਯੰਤੀ ਦੇ ਸਨਮਾਨ ਵਿੱਚ ਪੰਜਵੇਂ ਮਾਨਵ ਜਾਗ੍ਰਿਤੀ ਸੰਮੇਲਨ ਕਰਵਾਇਆ ਗਿਆ। ਇਹ ਸਮਾਗਮ ਡੀ.ਬੀ.ਯੂ. ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਦੀ ਮੌਜੂਦਗੀ ਚ ਕਰਵਾਇਆ ਗਿਆ, ਜਿਨ੍ਹਾਂ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਕਈ ਪ੍ਰਸਿੱਧ ਸ਼ਖਸੀਅਤਾਂ ਦੇ ਨਾਲ ਸ਼ਿਰਕਤ ਕੀਤੀ। ਇਸ ਸੰਮੇਲਨ ਦੀ ਸ਼ੁਰੂਆਤ ਇੱਕ ਪ੍ਰਤੀਕਾਤਮਕ ਪੌਦੇ ਵੰਡ ਸਮਾਰੋਹ ਨਾਲ ਹੋਈ, ਜਿਸ ਵਿੱਚ ਵਾਤਾਵਰਣ ਜਾਗਰੂਕਤਾ ਅਤੇ ਟਿਕਾਊ ਜੀਵਨ ਨੂੰ ਉਤਸ਼ਾਹਿਤ ਕੀਤਾ ਗਿਆ। ਪ੍ਰਮੁੱਖ ਹਾਜ਼ਰੀਨ ਵਿੱਚ ਪਾਵਨ ਵਾਲਮੀਕਿ ਤੀਰਥ, ਅੰਮ੍ਰਿਤਸਰ ਤੋਂ ਸੰਤ ਬਾਬਾ ਮਲਕੀਤ ਨਾਥ ਜੀ ਅਤੇ ਹਰਦੇਵ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਸਾਬਕਾ ਕੌਂਸਲਰ ਅਤੇ ਐਸ.ਸੀ.ਬੀ.ਸੀ. ਚੇਅਰਮੈਨ ਪੰਜਾਬ ਹਰਵਿੰਦਰ ਵਾਲੀਆ ਅਤੇ ਅੰਬੇਡਕਰ ਮਹਾਂ ਸਭਾ ਇੰਡੀਆ (ਹਰਿਆਣਾ) ਦੀ ਰਾਸ਼ਟਰੀ ਪ੍ਰਧਾਨ ਰੀਨਾ ਵਾਲਮੀਕੀ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਨਾਂ ਰਾਹੀਂ ਡਾ. ਅੰਬੇਡਕਰ ਦੇ ਸਮਾਨਤਾ ਅਤੇ ਸਿੱਖਿਆ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ।ਐਡਵੋਕੇਟ ਨੂਪੁਰ ਚੈਤਲੀ ਅਤੇ ਨੇਹਾ ਵਾਲੀਆ ਨੇ ਕਵਿਤਾ ਦੇ ਰਾਹੀਂ ਡਾ. ਅੰਬੇਡਕਰ ਦੀ ਵਿਰਾਸਤ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸਟੇਟ ਐਵਾਰਡੀ ਬੇਅੰਤ ਭਾਮਰੀ ਅਤੇ ਓਮ ਪ੍ਰਕਾਸ਼ ਗੱਬਰ ਅਤੇ ਰਾਕੇਸ਼ ਬਹਾਦਰ ਵਰਗੇ ਹੋਰ ਪ੍ਰਸਿੱਧ ਮਹਿਮਾਨਾਂ ਨੇ ਸਿੱਖਿਆ ਅਤੇ ਸਮਾਜਿਕ ਉੱਨਤੀ ਵਿੱਚ ਡੀਬੀਯੂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਇਸ ਸਮਾਗਮ ਦੌਰਾਨ ਨੇੜਲੇ ਪਿੰਡਾਂ ਦੇ ਕਈ ਸਥਾਨਕ ਪਤਵੰਤਿਆਂ, ਪੰਚਾਇਤ ਆਗੂਆਂ, ਸਰਪੰਚਾਂ ਅਤੇ ਸਿੱਖਿਅਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਸਮਾਪਤੀ ਅੰਬੇਡਕਰ ਜਾਗ੍ਰਿਤੀ ਵੈਲਫੇਅਰ ਸੋਸਾਇਟੀ ਵੱਲੋਂ ਡੀ.ਬੀ.ਯੂ. ਦੇ ਚਾਂਸਲਰ ਡਾ. ਜ਼ੋਰਾ ਸਿੰਘ ਦੇ ਕੀਤੇ ਗਏ ਵਿਸ਼ੇਸ਼ ਸਨਮਾਨ ਨਾਲ ਹੋਈ।