Saturday, May 11, 2024  

ਕੌਮੀ

ਅਮੇਠੀ ਤੇ ਰਾਏਬਰੇਲੀ ਦੇ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਕੁਝ ਦਿਨਾਂ ’ਚ : ਖੜਗੇ

April 27, 2024

ਭਾਜਪਾ ’ਚ ਜਾ ਕੇ ਸਾਰੇ ਭ੍ਰਿਸ਼ਟਾਚਾਰੀ ਹੋ ਜਾਂਦੇ ਹਨ ਸ਼ੁੱਧ

ਏਜੰਸੀਆਂ
ਨਵੀਂ ਦਿੱਲੀ/ 27 ਅਪ੍ਰੈਲ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਨੀਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਵੱਕਾਰੀ ਅਮੇਠੀ ਅਤੇ ਰਾਏਬਰੇਲੀ ਸੀਟਾਂ ਲਈ ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੁਝ ਦਿਨਾਂ ’ਚ ਕਰ ਦਿੱਤਾ ਜਾਵੇਗਾ।
ਇੱਥੇ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ, ‘ਤੁਹਾਨੂੰ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ, ਜਦੋਂ ਉਮੀਦਵਾਰਾਂ ਦੇ ਨਾਮ ਮੇਰੇ ਕੋਲ ਆਉਂਦੇ ਹਨ ਅਤੇ ਮੈਂ ਨੋਟੀਫਿਕੇਸ਼ਨ ’ਤੇ ਦਸਤਖਤ ਕਰਾਂਗਾ, ਇਸ ਦਾ ਐਲਾਨ ਕਰ ਦਿੱਤਾ ਜਾਵੇਗਾ।’
ਸ੍ਰੀ ਖੜਗੇ ਨੇ ਦਾਅਵਾ ਕੀਤਾ ਕਿ ਕਾਂਗਰਸ ਨੂੰ ਛੱਡਣ ਵਾਲਿਆਂ ਕਾਰਨ ਪਾਰਟੀ ’ਤੇ ਕੋਈ ਅਸਰ ਨਹੀਂ ਪਿਆ। ਕਾਂਗਰਸ ਵਗਦੀ ਨਦੀ ਹੈ, ਇਸ ਨੂੰ ਕੁਝ ਵਿਅਕਤੀਆਂ ਦੇ ਛੱਡਣ ਦਾ ਕੋਈ ਅਸਰ ਨਹੀਂ ਹੁੰਦਾ।’
ਇਸ ਦੌਰਾਨ ਖੜਗੇ ਨੇ ਕਿਹਾ ਕਿ ਜਿੰਨੀ ਵੀ ਭ੍ਰਿਸ਼ਟਾਚਾਰੀ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ, ਉਹ ਸ਼ੁੱਧ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ’ਤੇ ਵੱਡੇ-ਵੱਡੇ ਘਪਲੇ ਕਰਨ ਦੇ ਦੋਸ਼ ਹੁੰਦੇ ਹਨ, ਭਾਜਪਾ ’ਚ ਜਾਂਦੇ ਸਾਰ ਉਹ ਬੇਦੋਸ਼ੇ ਬਣ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਵਿੱਚ ਜਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਤੋਂ ਸਪੱਸ਼ਟ ਹੈ ਕਿ ਭਾਜਪਾ ਨੂੰ ਇਨ੍ਹਾਂ ਚੋਣਾਂ ਵਿੱਚ ਆਪਣੀ ਹਾਰ ਹੁੰਦੀ ਨਜ਼ਰ ਆ ਰਹੀ ਹੈ। ਖੜਗੇ ਨੇ ਕਿਹਾ ਕਿ ਭਾਜਪਾ ਫ਼ਿਰਕੂ ਧਰੁਵੀਕਰਨ ਕਰ ਕੇ ਇਹ ਚੋਣਾਂ ਜਿੱਤਣੀ ਚਾਹੁੰਦੀ ਹੈ, ਪਰ ਦੇਸ਼ ਦੇ ਸੂਝਵਾਨ ਵੋਟਰ ‘ਇੰਡੀਆ’ ਗੱਠਜੋੜ ਨੂੰ ਜਿਤਾਉਣ ਦਾ ਫੈਸਲਾ ਕਰ ਚੁੱਕੇ ਹਨ। ਇਸ ਦੌਰਾਨ ਅੱਜ ਅਮੇਠੀ, ਰਾਏਬਰੇਲੀ ਅਤੇ ਕਾਂਗਰਸ ਦੇ ਉਮੀਦਵਾਰਾਂ ਦੀ ਚੋਣ ਕਰਨ ਤੋਂ ਇਲਾਵਾ ਪੰਜਾਬ ਦੀਆਂ ਪੰਜ ਸੀਟਾਂ ਲਈ ਉਮੀਦਵਾਰ ਤੈਅ ਕਰਨ ’ਤੇ ਸੀਏਸੀ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਰਾਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸ਼ਾਮਲ ਨਹੀਂ ਸਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਵਿਚਾਰ ਚਰਚਾ ਤੋਂ ਬਾਅਦ ਉਮੀਦਵਾਰਾਂ ਦੀ ਚੋਣ ਕਰਨ ਦਾ ਫੈਸਲਾ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਰਾਜੁਨ ਖੜਗੇ ’ਤੇ ਛੱਡ ਦਿੱਤਾ ਗਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ