ਗੁਰੂਗ੍ਰਾਮ, 22 ਜੂਨ
ਹਰਿਆਣਾ 'ਚ ਗੁਰੂਗ੍ਰਾਮ ਦੇ ਦੌਲਤਾਬਾਦ ਉਦਯੋਗਿਕ ਖੇਤਰ 'ਚ ਇਕ ਅੱਗ ਬੁਝਾਊ ਯੰਤਰ ਬਣਾਉਣ ਵਾਲੀ ਕੰਪਨੀ 'ਚ ਧਮਾਕਾ ਹੋਣ ਕਾਰਨ ਕਰੀਬ 8 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਧਮਾਕੇ ਕਾਰਨ ਆਲੇ-ਦੁਆਲੇ ਦੇ ਇਲਾਕੇ ਵਿਚ ਵੱਡੀ ਗਿਣਤੀ 'ਚ ਘਰਾਂ ਅਤੇ ਉਦਯੋਗਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਸਹਾਇਕ ਫਾਇਰ ਅਫਸਰ ਸੈਣੀ ਨੇ ਦੱਸਿਆ ਕਿ ਸ਼ਨੀਵਾਰ ਤੜਕੇ 2:45 ਵਜੇ ਸੰਜੇ ਕੁਮਾਰ ਕਾਂਸਟੇਬਲ ਨੇ ਭੀਮ ਨਗਰ ਫਾਇਰ ਵਿਭਾਗ ਨੂੰ ਫੋਨ ਕਰਕੇ ਦੱਸਿਆ ਕਿ ਦੌਲਤਾਬਾਦ ਉਦਯੋਗਿਕ ਖੇਤਰ ਵਿਚ ਧਮਾਕਾ ਹੋਇਆ ਹੈ ਅਤੇ ਇਸ ਕਾਰਨ ਭਿਆਨਕ ਅੱਗ ਲੱਗ ਗਈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਗੁਰੂਗ੍ਰਾਮ ਦੇ ਭੀਮਨਗਰ ਅਤੇ ਸੈਕਟਰ-29 ਤੋਂ ਫਾਇਰ ਬ੍ਰਿਗੇਡ ਦਫ਼ਤਰ ਦੀਆਂ ਕਰੀਬ ਇਕ ਦਰਜਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਦੱਸਿਆ ਗਿਆ ਹੈ ਕਿ 5 ਲੋਕਾਂ ਨੂੰ ਜ਼ਖਮੀ ਹਾਲਤ 'ਚ ਘਟਨਾ ਵਾਲੀ ਥਾਂ ਤੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਦਕਿ 2 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਲਾਪਤਾ ਹੈ, ਜਿਸ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਕਈ ਘਰਾਂ ਅਤੇ ਉਦਯੋਗਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਪੁਲਸ ਵਿਭਾਗ ਨੇ ਦੱਸਿਆ ਕਿ ਫੈਕਟਰੀ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਪ੍ਰਸ਼ਾਸਨ ਨੇ ਇਸ ਘਟਨਾ ਵਿਚ 8 ਲੋਕਾਂ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।