ਲਖਨਊ, 10 ਸਤੰਬਰ
ਲਖਨਊ 'ਚ ਇਮਾਰਤ ਦੇ ਢਹਿ ਜਾਣ ਦੀ ਦਰਦਨਾਕ ਘਟਨਾ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਤੀਜੀ ਮੰਜ਼ਿਲ ਗੈਰ-ਕਾਨੂੰਨੀ ਢੰਗ ਨਾਲ ਨਿਯਮਾਂ ਦੀ ਉਲੰਘਣਾ ਕਰਕੇ ਬਣਾਈ ਗਈ ਸੀ ਕਿਉਂਕਿ ਅਥਾਰਟੀ ਨੇ ਸਿਰਫ ਦੋ ਮੰਜ਼ਿਲਾਂ ਦੇ ਨਿਰਮਾਣ ਦੀ ਇਜਾਜ਼ਤ ਦਿੱਤੀ ਸੀ।
ਲਖਨਊ ਦੇ ਟਰਾਂਸਪੋਰਟ ਨਗਰ ਇਲਾਕੇ 'ਚ 7 ਸਤੰਬਰ ਨੂੰ ਅਚਾਨਕ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖਮੀ ਹੋ ਗਏ।
ਉੱਤਰ ਪ੍ਰਦੇਸ਼ ਸਰਕਾਰ ਨੇ 8 ਸਤੰਬਰ ਨੂੰ ਇਮਾਰਤ ਡਿੱਗਣ ਦੀ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਿਲਡਰ ਨੂੰ 7 ਮੀਟਰ ਉੱਚੀ ਇਮਾਰਤ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਅਸਲ ਵਿੱਚ ਇਹ 11 ਮੀਟਰ ਉੱਚੀ ਸੀ।
ਲੋਕ ਨਿਰਮਾਣ ਵਿਭਾਗ ਦੇ ਇੰਜਨੀਅਰਾਂ ਵੱਲੋਂ ਕੀਤੀ ਜਾਂਚ ਦੌਰਾਨ ਇਮਾਰਤ ਦੇ ਕਾਲਮ ਲੋਡ ਦੇ ਮੁਕਾਬਲੇ ਕਮਜ਼ੋਰ ਪਾਏ ਗਏ।
ਢਾਂਚਾਗਤ ਡਿਜ਼ਾਈਨ ਅਤੇ ਮਾੜੀ ਉਸਾਰੀ ਵਿੱਚ ਬੇਨਿਯਮੀਆਂ ਵੀ ਸਾਹਮਣੇ ਆਈਆਂ ਹਨ।
ਇਕ ਪ੍ਰੈੱਸ ਬਿਆਨ ਮੁਤਾਬਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਿਰਦੇਸ਼ਾਂ 'ਤੇ ਇਮਾਰਤ ਡਿੱਗਣ ਦੀ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੀ ਅਗਵਾਈ ਗ੍ਰਹਿ ਵਿਭਾਗ ਦੇ ਸਕੱਤਰ ਸੰਜੀਵ ਗੁਪਤਾ ਕਰਨਗੇ, ਜਿਨ੍ਹਾਂ ਨੂੰ ਪੈਨਲ ਦਾ ਚੇਅਰਮੈਨ ਬਣਾਇਆ ਗਿਆ ਹੈ।
ਬਲਕਾਰ ਸਿੰਘ, ਹਾਊਸਿੰਗ ਅਤੇ ਸ਼ਹਿਰੀ ਯੋਜਨਾ ਵਿਭਾਗ ਦੇ ਸਕੱਤਰ ਅਤੇ ਵਿਜੇ ਕਨੌਜੀਆ, ਚੀਫ ਇੰਜੀਨੀਅਰ, ਕੇਂਦਰੀ ਖੇਤਰ, ਲੋਕ ਨਿਰਮਾਣ ਵਿਭਾਗ, ਲਖਨਊ, ਕਮੇਟੀ ਦੇ ਦੋ ਹੋਰ ਮੈਂਬਰ ਹਨ।
ਬਿਆਨ ਵਿੱਚ ਕਿਹਾ ਗਿਆ ਹੈ, "ਜਾਂਚ ਕਮੇਟੀ ਘਟਨਾ ਦੇ ਕਾਰਨਾਂ ਦੀ ਜਾਂਚ ਕਰੇਗੀ ਅਤੇ ਜਲਦੀ ਤੋਂ ਜਲਦੀ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗੀ।"