ਪੀ.ਪੀ. ਵਰਮਾ
ਪੰਚਕੂਲਾ, 26 ਸਤੰਬਰ
ਪੰਚਕੂਲਾ ਵਿੱਚ ਅੱਪ ਪਈ ਭਾਰੀ ਬਰਸਾਤ ਕਾਰਨ ਸਕੂਲਾ ਬੱਚੇ ਅਤੇ ਮੁਲਾਜ਼ਮ ਅਤੇ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੈਕਟਰ 16-17 ਚੌਂਕ, ਤਵਾ ਚੌਂਕ, ਲੇਵਰ ਚੌਂਕ, ਪੁਰਾਣਾ, ਮਾਜ਼ਰੀ ਚੌਂਕ, ਸੈਕਟਰ-20 ਦੇ ਟੀ ਪੁਆਇੰਟ ਉੱਤੇ ਗਿੱਟੇ ਗੋਡੇ ਪਾਣੀ ਖੜ੍ਹ ਗਿਆ ਅਤੇ ਲੋਕਾਂ ਦੇ ਵਾਹਨ ਪਾਣੀ ਵਿੱਚ ਖੜ੍ਹ ਗਏ। ਸਭ ਤੋਂ ਵੱਧ ਬੁਰਾ ਹਾਲ ਸੈਕਟਰ-19 ਦੇ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਹੋਇਆ। ਜਿੱਥੇ ਪਾਣੀ ਲੋਕਾਂ ਦੇ ਘਰਾਂ ਵਿੱਚ ਬੜ ਗਿਆ। ਇਹਨਾਂ ਦੋ ਮਰਲੇ ਦੇ ਮਕਾਨਾਂ ਵਿੱਚ ਰਹਿੰਦੇ ਲੋਕਾਂ ਨੇ ਬਾਲਟੀਆਂ ਨਾਲ ਆਪਣੇ ਮਕਾਨਾਂ ਵਿੱਚੋਂ ਪਾਣੀ ਬਾਹਰ ਕੱਢਿਆ। ਕੁਸ਼ੱਲਿਆ ਡੈਮ, ਸ਼ਿਸਵਾਂ ਨਦੀ ਅਤੇ ਘੱਗਰ ਵਿੱਚ ਵੀ ਪਾਣੀ ਓਵਰ ਫਲੋ ਰਿਹਾ। ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ਦੇ ਗੇਟਾਂ ਉੱਤੇ ਵੀ ਪਾਣੀ ਨਹਿਰਾਂ ਵਾਂਗ ਚੱਲ ਰਿਹਾ ਸੀ। ਸੁਸਾਇਟੀ ਨੰਬਰ 105, 106 ਅਤੇ 107 ਦੇ ਬਹਾਰ ਗੋਡੇ ਗੋਡੇ ਪਾਣੀ ਸੀ। ਮਨੀਮਾਜਰਾ ਤੋਂ ਆ ਰਿਹਾ ਬਰਸਾਤੀ ਨਾਲਾ ਇੰਦਰਾਂ ਕਲੋਨੀ ਅਤੇ ਰਾਜੀਵ ਕਲੋਨੀ ਵਿੱਚ ਰਹਿੰਦੇ ਕਬਾੜੀਆਂ ਦਾ ਸਮਾਨ ਪਾਣੀ ਵਿੱਚ ਬਹਾ ਕੇ ਲੈ ਗਿਆ ਜਿਹੜਾ ਉਹਨਾਂ ਨੇ ਬਰਸਾਤੀ ਨਾਲੇ ਦੇ ਆਸਪਾਸ ਰੱਖਿਆ ਹੋਇਆ ਸੀ। ਦਿਨ ਚੜ੍ਹਦੇ ਸ਼ੁਰੁ ਹੋਈ ਬਰਸਾਤ ਬਾਅਦ ਦੁਪਹਿਰ ਤੱਕ ਪੈਂਦੀ ਰਹੀ।