ਚੰਡੀਗੜ੍ਹ 9 ਦਸੰਬਰ
ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਮੁਨਾਫਾ ਕਮਾ ਰਹੇ ਬਿਜਲੀ ਵਿਭਾਗ ਦੇ ਨਿੱਜੀਕਰਨ ਕਰਨ ਦੇ ਵਿਰੋਧ ਵਿੱਚ ਬਿਜਲੀ ਮੁਲਾਜ਼ਮਾਂ ਦਾ ਸੰਘਰਸ਼ ਜਾਰੀ ਹੈ । ਇਸੇ ਤਹਿਤ ਬਿਜਲੀ ਕਰਮਚਾਰੀਆਂ ਵੱਲੋਂ ਆਪਣੀਆਂ ਸੇਵਾ ਸ਼ਰਤਾਂ ਨੂੰ ਬਚਾਉਣ , ਸਰਕਾਰੀ ਵਿਭਾਗ ਨੂੰ ਵੇਚਣ ਲਈ ਜਾਰੀ ਕੀਤੇ ਐਲ.ਓ.ਆਈ. ਨੂੰ ਰੱਦ ਕਰਨ ਅਤੇ ਨਿਯਮਾਂ ਦੀ ਅਣਦੇਖੀ ਕਰਕੇ ਕਾਹਲੀ ਵਿੱਚ ਨਿੱਜੀ ਕੰਪਨੀ ਨੂੰ ਤਬਦੀਲ ਕਰਨ ਦੇ ਫੈਸਲੇ ਵਿਰੁੱਧ ਯੂ.ਟੀ ਪਾਵਰਮੈਨ ਯੂਨੀਅਨ ਸਾਰੇ ਦਫ਼ਤਰਾਂ ਵਿੱਚ ਅੱਜ ਲੰਚ ਟਾਇਮ ਮੌਕੇ ਗੇਟ ਮੀਟਿੰਗਾਂ ਕੀਤੀਆਂ ਗਈਆਂ ।
ਵੱਖ-ਵੱਖ ਦਫ਼ਤਰਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਅਮਰੀਕ ਸਿੰਘ, ਸੁਖਵਿੰਦਰ ਸਿੰਘ ਸਿੱਧੂ , ਰਜਿੰਦਰ ਕਟੌਚ , ਰਘੁਬੀਰ ਸਿੰਘ , ਭੁਪਿੰਦਰ ਸਿੰਘ , ਗੁਰਮੀਤ ਸਿੰਘ, ਪਾਨ ਸਿੰਘ, ਸਤਿਕਾਰ ਸਿੰਘ, ਸੁਰਜੀਤ ਸਿੰਘ, ਰੇਸ਼ਮ ਸਿੰਘ, ਅਮਿਤ ਢੀਗਰਾ, ਵਰਿੰਦਰ ਸਿੰਘ, ਵਿਨੈ ਪ੍ਰਸਾਦ, ਰਾਮ ਗੋਪਾਲ, ਗਗਨਦੀਪ, , ਕਮਲ ਕਾਲੀਆ, ਸੁਰਿੰਦਰ ਸਿੰਘ, ਟੇਕਰਾਜ, ਲਲਿਤ ਸਿੰਘ, ਕਰਮਜੀਤ ਸਿੰਘ ਆਦਿ ਅਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਮੁਲਾਜਮਾਂ ਦੀਆਂ ਸੇਵਾ ਸ਼ਰਤਾਂ ਦੇ ਵਿਚ ਬਦਲਾਅ ਮਨਜ਼ੂਰ ਨਹੀਂ । ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਵਿਰਾਸਤ ਬਿਜਲੀ ਵਿਭਾਗ ਨੂੰ ਬਚਾਉਣ ਲਈ ਉਹ ਅੰਤਿਮ ਸਾਹ ਤੱਕ ਲੜਾਈ ਲੜਨਗੇ । ਉਪਰੋਕਤ ਆਗੂਆਂ ਨੇ ਵੱਖ ਵੱਖ ਥਾਵਾਂ ਤੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਤੈਅ ਕੀਤੇ ਬਿਨਾਂ ਹੀ ਉੱਘੀ ਕੰਪਨੀ ਨੂੰ ਐਲ ਓ ਆਈ ਜਾਰੀ ਕਰ ਦਿੱਤੀ ਗਈ ਹੈ । ਜੋ ਕਿ ਸਿੱਧੇ ਰੂਪ ਵਿੱਚ ਮੁਲਾਜਮਾਂ ਨਾਲ ਧੱਕੇਸ਼ਾਹੀ ਹੈ । ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਨੂੰ ਦਰੁਸਤ ਕੀਤੇ ਬਿਨਾਂ ਅਤੇ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਵਿਭਾਗ ਨੂੰ ਕਿਸੇ ਨਿੱਜੀ ਕੰਪਨੀ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸੇ ਦਿਨ ਤੋਂ ਅਣਮਿੱਥੇ ਸਮੇਂ ਲਈ ਕੰਮ ਦਾ ਬਾਈਕਾਟ ਸ਼ੁਰੂ ਕਰ ਦਿੱਤਾ ਜਾਵੇਗਾ ।ਜਿਸ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ ।
ਬੁਲਾਰਿਆਂ ਨੇ ਚੰਡੀਗੜ੍ਹ ਪ੍ਰਸ਼ਾਸਕ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਅਤੇ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਸਰਕਾਰੀ ਵਿਭਾਗ ਵਿੱਚ ਰੱਖ ਕੇ ਹੀ ਕੋਈ ਫੈਸਲਾ ਕਰਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਲਦਬਾਜ਼ੀ ਵਿੱਚ ਕੋਈ ਵੀ ਮੁਲਾਜ਼ਮ ਵਿਰੋਧੀ ਫੈਸਲਾ ਨਾ ਲੈਣ ਦੀ ਅਪੀਲ ਕੀਤੀ ਹੈ ।