ਚੰਡੀਗੜ੍ਹ 12 ਦਸੰਬਰ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਜਲੀ ਵਿਭਾਗ ਨੂੰ ਨਿੱਜੀ ਕੰਪਨੀ ਨੂੰ ਵੇਚਣ ਦੇ ਵਿਰੁੱਧ ਸ਼ਹਿਰ ਵਾਸੀਆਂ ਵਿੱਚ ਦਿਨੋ ਦਿਨ ਰੋਸ ਵੱਧਦਾ ਜਾ ਰਿਹਾ ਹੈ। ਪਿਛਲੇ ਦਿਨੀ ਸੈਕਟਰ 17 ਤੋਂ ਸ਼ੁਰੂ ਹੋਈ ਰੋਸ ਪ੍ਰਦਰਸ਼ਨਾਂ ਦੀ ਇਸ ਲੜੀ ਤਹਿਤ ਅੱਜ ਛੇਵੇਂ ਦਿਨ ਮਨੀ ਮਾਜਰਾ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ । ਅੱਜ ਇਹ ਰੋਸ ਪ੍ਰਦਰਸ਼ਨ ਸ਼ਿਵਾਲਕ ਗਾਰਡਨ ਤੋਂ ਚੱਲ ਕੇ ਪਿੱਪਲੀ ਵਾਲਾ ਟਾਊਨ, ਸ਼ਾਂਤੀ ਨਗਰ , ਡੇਰਾ ਸਾਹਿਬ, ਠਾਕੁਰ ਦੁਆਰਾ , ਗੋਬਿੰਦਪੁਰਾ ਕੰਪਲੈਕਸ ਤੋਂ ਹੁੰਦਾ ਹੋਇਆ ਮਾਡਰਨ ਹਾਊਸਿੰਗ ਕੰਪਲੈਕਸ ਵਿੱਚ ਜੈਨ ਮਾਰਕੀਟ ਕੋਲ ਜਾ ਕੇ ਸਮਾਪਤ ਹੋਇਆ ।
ਅੱਜ ਦੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਮਨੀਮਾਜਰਾ ਦੀ ਕੌਂਸਲਰ ਮੈਡਮ ਸੁਮਨ ਸ਼ਰਮਾ , ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢਿੱਲੋ, ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ, ਅਮਨਦੀਪ ਸਿੰਘ ਮਨੀ ਮਾਜਰਾ ਅਤੇ ਸਤਨਾਮ ਸਿੰਘ ਟਾਂਡਾ ਨੇ ਕੀਤੀ। ਇਸ ਮੌਕੇ ਬੋਲਦਿਆਂ ਕੌਂਸਲਰ ਸੁਮਨ ਸ਼ਰਮਾ ਨੇ ਕਿਹਾ ਕਿ ਸਰਕਾਰ ਅਖੌਤੀ ਆਤਮ ਨਿਰਭਰ ਭਾਰਤ ਦਾ ਨਾਅਰਾ ਦੇ ਕੇ ਚੰਡੀਗੜ੍ਹ ਵਾਸੀਆਂ ਦੀ ਇਸ ਨਿਜੀਕਰਨ ਰਾਹੀਂ ਲੁੱਟ ਕਰਨ ਦੇ ਮਨਸੂਬੇ ਬਣਾ ਰਹੀ ਹੈ ਜਿਸ ਨੂੰ ਕਿ ਕਿਸੇ ਵੀ ਹਾਲਤ ਵਿੱਚ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਨਿੱਜੀਕਰਨ ਦਾ ਵਿਰੋਧ ਕਰਨਗੇ ਅਤੇ ਚੰਡੀਗੜ੍ਹ ਦੇ ਲੋਕਾਂ ਤੇ ਹੋਰ ਵਾਧੂ ਬੋਝ ਨਹੀਂ ਪੈਣ ਦੇਣਗੇ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਚੰਡੀਗੜ੍ਹ ਦੇ ਪ੍ਰਧਾਨ ਸੁਰਜੀਤ ਸਿੰਘ ਢਿੱਲੋ ਨੇ ਕਿਹਾ ਕਿ ਇਹ ਸਮਾਂ ਸਾਰਿਆਂ ਲਈ ਇੱਕਜੁੱਟ ਹੋ ਕੇ ਇਸ ਨਿੱਜੀ ਕਰਨ ਦਾ ਵਿਰੋਧ ਕਰਨ ਦਾ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਆਪਣੀ ਇਸ ਚਾਲ ਵਿੱਚ ਕਾਮਯਾਬ ਹੋ ਗਈ ਤਾਂ ਚੰਡੀਗੜ੍ਹ ਵਾਸੀਆਂ ਨੂੰ ਬਿਜਲੀ ਦੇ ਬਿੱਲ ਉਤਾਰਨੇ ਔਖੇ ਹੋ ਜਾਣਗੇ। ਉਹਨਾਂ ਕਿਹਾ ਕਿ ਨਾ ਹੀ ਬਿਜਲੀ ਵਿਭਾਗ ਘਾਟੇ ਚ ਜਾ ਰਿਹਾ ਹੈ ਅਤੇ ਨਾ ਹੀ ਇਹ ਨਿੱਜੀਕਰਨ ਚੰਡੀਗੜ੍ਹ ਵਾਸੀਆਂ ਦੀ ਮੰਗ ਹੈ ਪਰੰਤੂ ਸਰਕਾਰ ਚੰਦ ਘਰਾਣਿਆਂ ਨੂੰ ਖੁਸ਼ ਕਰਨ ਲਈ ਇਹ ਖੇਡ ਖੇਡ ਰਹੀ ਹੈ । ਉਹਨਾਂ ਕਿਹਾ ਕਿ ਸ਼ਹਿਰ ਵਾਸੀ ਸਰਕਾਰ ਦੇ ਇਸ ਕਦਮ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਉਹ ਇਸ ਦਾ ਹਰ ਪਲੇਟਫਾਰਮ ਤੇ ਡੱਟ ਕੇ ਵਿਰੋਧ ਕਰਨਗੇ। ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਕਰਨਗੇ । ਇਸ ਮੌਕੇ ਬੋਲਦਿਆਂ ਕਿਸਾਨ ਏਕਤਾ ਦੇ ਆਗੂ ਕਿਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਸ਼ਹਿਰ ਨੂੰ ਇੱਕ ਪ੍ਰਯੋਗਸ਼ਾਲਾ ਬਣਾ ਲਿਆ ਹੈ ਜਿਸ ਤਹਿਤ ਉਹ ਆਪਣੇ ਹਰ ਨਵੇਂ ਕਾਨੂੰਨ ਦਾ ਪ੍ਰਯੋਗ ਪਹਿਲਾਂ ਚੰਡੀਗੜ੍ਹ ਤੇ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਪਾਰਟੀ ਦੀ ਲੜਾਈ ਨਹੀਂ ਸਗੋਂ ਸਮੁੱਚੀਆਂ ਧਿਰਾਂ ਨੂੰ ਇੱਕਜੁੱਟ ਹੋ ਕੇ ਸਰਕਾਰ ਦੇ ਇਸ ਫੈਸਲੇ ਖਿਲਾਫ ਸਾਂਝਾ ਸੰਘਰਸ਼ ਲੜਨ ਦੀ ਲੋੜ ਹੈ ਉਹਨਾਂ ਸਮੁੱਚੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹ ਇਸ ਸੰਘਰਸ਼ ਨੂੰ ਹੋਰ ਵੱਡੇ ਪੱਧਰ ਦੇ ਲੈ ਕੇ ਜਾਣਗੇ ਅਤੇ ਸਰਕਾਰ ਨੂੰ ਫੈਸਲਾ ਵਾਪਸ ਲੈਣ ਲਈ ਮਜਬੂਰ ਕਰਨਗੇ। ਕਿਸਾਨ ਏਕਤਾ ਮਟਕਾ ਚੌਂਕ ਦੇ ਪ੍ਰਧਾਨ ਸਤਨਾਮ ਸਿੰਘ ਟਾਂਡਾ ਨੇ ਕਿਹਾ ਕਿ ਬਿਜਲੀ ਵਿਭਾਗ ਚੰਡੀਗੜ੍ਹ ਜੋ ਕਿ ਪਿਛਲੇ ਕਈ ਸਾਲਾਂ ਤੋਂ ਕਰੋੜਾਂ ਰੁਪਏ ਦੇ ਮੁਨਾਫ਼ੇ ਵਿੱਚ ਚੱਲ ਰਿਹਾ ਤੇ ਸਰਕਾਰ ਇਸ ਮੁਨਾਫ਼ੇ ਵਾਲੇ ਵਿਭਾਗ ਨੂੰ ਕੌਡੀਆਂ ਦੇ ਭਾਅ ਵੇਚ ਕੇ ਲੋਕਾਂ ਦਾ ਪੈਸਾ ਨਿੱਜੀ ਕੰਪਨੀਆਂ ਹਵਾਲੇ ਕਰਨਾ ਚਾਹੁੰਦੀ ਹੈ । ਉਹਨਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਤਾਨਾਸ਼ਾਹੀ ਉੱਤੇ ਉਤਰ ਆਇਆ ਹੈ ਜਿਸ ਦਾ ਖਮਿਆਜਾ ਆਉਣ ਵਾਲੇ ਸਮੇਂ ਚ ਲੋਕਾਂ ਨੂੰ ਬਿਜਲੀ ਦੇ ਭਾਰੀ ਬਿਲ ਉਤਾਰ ਕੇ ਭੁਗਤਣਾ ਪਵੇਗਾ । ਉਨਾਂ ਕਿਹਾ ਉਹ ਇਸ ਨਿੱਜੀਕਰਨ ਦੀ ਇਸ ਲੜਾਈ ਵਿੱਚ ਸਮੁੱਚੇ ਸ਼ਹਿਰੀਆਂ ਨੂੰ ਜਾਗਰੂਕ ਕਰਨਗੇ ਅਤੇ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਣਗੇ। ਇਸ ਮੌਕੇ ਬੋਲਦਿਆਂ ਸੰਜੀਵ ਗਾਬਾ ਬਲਾਕ ਪ੍ਰਧਾਨ ਕਾਂਗਰਸ ਨਹੀਂ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਹੋਣ ਦੇ ਬਾਵਜੂਦ ਬਿਜਲੀ ਵਿਭਾਗ ਬਹੁਤ ਵਧੀਆ ਸੇਵਾਵਾਂ ਨਿਭਾ ਰਿਹਾ ਹੈ ਅਤੇ ਲੋਕਾਂ ਨੂੰ ਸਸਤੀ ਅਤੇ ਵਧੀਆ ਬਿਜਲੀ ਮੁਹੱਈਆ ਕਰਵਾ ਰਿਹਾ ਹੈ ਤਾਂ ਉਸ ਨੂੰ ਨਿੱਜੀ ਹੱਥਾਂ ਚ ਦੇਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ । ਉਪਰੋਕਤ ਬੁਲਾਰਿਆਂ ਨੇ ਸ਼ਹਿਰ ਵਾਸੀਆਂ ਨੂੰ 14 ਮਾਰਚ ਨੂੰ ਗਵਰਨਰ ਹਾਊਸ ਦੇ ਘਿਰਾਓ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ । ਇਸ ਮੌਕੇ ਤੇ ਅੱਜ ਦੇ ਇਕੱਠ ਨੂੰ ਕ੍ਰਾਂਤੀ ਸ਼ੁਕਲਾ ਪ੍ਰਧਾਨ ਸਮੱਸਿਆਵਾਂ ਦਾ ਟੀਮ ਚੰਡੀਗੜ੍ਹ, ਐਸ ਐਸ ਪਰਵਾਨਾ ਪ੍ਰਧਾਨ ਵੈਲਫੇਅਰ ਐਸੋਸੀਏਸ਼ਨ ਮਨੀਮਾਜਰਾ, ਰਾਜ ਸਿੰਘ ਅਤੇ ਅਮਨਦੀਪ ਸਿੰਘ ਮਾਨ ਨੇ ਵੀ ਸੰਬੋਧਨ ਕੀਤਾ। ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ ਦੱਸਿਆ ਕਿ ਕੱਲ ਦਾ ਰੋਸ ਮਾਰਚ ਵਾਲਮੀਕ ਧਰਮਸ਼ਾਲਾ ਬਾਪੂ ਧਾਮ ਕਲੌਨੀ ਸੈਕਟਰ 26 ਤੋਂ ਵਿਖੇ ਸਥਿਤ ਵਾਲਮੀਕ ਧਰਮਸ਼ਾਲਾ ਤੋਂ ਸ਼ੁਰੂ ਹੋਵੇਗਾ । ਅੱਜ ਦੇ ਇਸ ਮਾਰਚ ਵਿੱਚ ਵੱਖ-ਵੱਖ ਪਿੰਡਾਂ ਅਤੇ ਸੈਕਟਰਾਂ ਵਿੱਚੋਂ ਭਾਰੀ ਗਿਣਤੀ ਵਿੱਚ ਔਰਤਾਂ ਅਤੇ ਬੱਚਿਆਂ ਨੇ ਵੀ ਵਿੱਚ ਸ਼ਮੂਲੀਅਤ ਕੀਤੀ । ਜਿਨ੍ਹਾਂ ਨੇ ਹੱਥਾਂ ਵਿੱਚ ਨਿੱਜੀਕਰਨ ਦੇ ਵਿਰੋਧ ਚ' ਲਿਖੀਆਂ ਤਖਤੀਆਂ ਫੜ ਕੇ ਪੈਦਲ ਰੋਸ ਮਾਰਚ ਕੀਤਾ ਅਤੇ ਉਹ ਨਿੱਜੀਕਰਨ ਬੰਦ ਕਰੋ ਦੇ ਨਾਅਰੇ ਲਾਉਂਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਦੇ ਨਿੱਜੀਕਰਨ ਦੇ ਫੈਸਲੇ ਦਾ ਵਿਰੋਧ ਕਰ ਰਹੇ ਸਨ।