ਸ੍ਰੀ ਫ਼ਤਹਿਗੜ੍ਹ ਸਾਹਿਬ/4 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
ਖਮਾਣੋਂ ਨੇੜਲੇ ਪਿੰਡ ਰਿਆ ਦੇ 37 ਸਾਲਾ ਨੌਜਵਾਨ ਜਤਿੰਦਰ ਸਿੰਘ ਦਾ ਅਮਰੀਕਾ ਵਿੱਚ ਉਸਦੇ ਇੱਕ ਰਿਸ਼ੇਤਦਾਰ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਪਿੰਡ ਰਿਆ ਦੇ ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਜਤਿੰਦਰ ਸਿੰਘ(37) ਜੋ ਕਿ ਬੇਹੱਦ ਸਾਊ ਸੁਭਾਅ ਦਾ ਨੌਜਵਾਨ ਸੀ ਕਰੀਬ 7 ਸਾਲ ਪਹਿਲਾਂ ਆਪਣਾ ਭਵਿੱਖ ਬਣਾਉਣ ਦੇ ਲਈ ਅਮਰੀਕਾ ਗਿਆ ਸੀ ਜਿਸ ਦੀ ਪਤਨੀ ਅਤੇ ਬੱਚੇ ਬੀਤੇ ਮਾਰਚ ਮਹੀਨੇ ਹੀ ਉਸ ਕੋਲ ਅਮਰੀਕਾ ਪਹੁੰਚੇ ਸਨ।ਸੰਦੀਪ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਉੱਥੇ ਟਰੱਕ ਚਲਾਉਣ ਕਾ ਕੰਮ ਕਰਦਾ ਸੀ ਜਿੱਥੇ ਬੀਤੇ ਕੱਲ ਟਰੱਕ ਯਾਰਡ 'ਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਤੈਸ਼ 'ਚ ਆਏ ਉਨਾਂ ਦੇ ਭੂਆ ਦੇ ਲੜਕੇ ਜੋ ਕਿ ਅਮਰੀਕਾ ਵਿਖੇ ਹੀ ਟਰੱਕ ਚਲਾਉਂਦਾ ਸੀ ਵੱਲੋਂ ਗੋਲੀ ਮਾਰ ਕੇ ਜਤਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ।ਸੰਦੀਪ ਸਿੰਘ ਨੇ ਦੱਸਿਆ ਕਿ ਅਮਰੀਕਾ ਰਹਿੰਦੀ ਉਨਾਂ ਦੀ ਭੈਣ ਅਤੇ ਭਣੋਈਏ ਨੇ ਫੋਨ ਕਰਕੇ ਪਰਿਵਾਰ ਨੂੰ ਇਹ ਦੁਖਦਾਈ ਖਬਰ ਦਿੱਤੀ ਕਿ ਜਤਿੰਦਰ ਸਿੰਘ ਦਾ ਟਰੱਕ ਯਾਰਡ ਵਿੱਚ ਕਤਲ ਕਰ ਦਿੱਤਾ ਗਿਆ ਹੈ।ਸੰਦੀਪ ਸਿੰਘ ਨੇ ਦੱਸਿਆ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਕਾਤਲ ਮੌਕੇ 'ਤੋਂ ਫਰਾਰ ਦੱਸਿਆ ਜਾ ਰਿਹਾ ਹੈ।ਪਿੰਡ ਦੇ ਕੁਝ ਵਸਨੀਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਤਕਰਾਰ ਦੌਰਾਨ ਜਤਿੰਦਰ ਸਿੰਘ ਦਾ ਕਤਲ ਹੋ ਜਾਣਾ ਹੈਰਾਨੀਜਨਕ ਹੈ ਕਿਉਂਕਿ ਜਤਿੰਦਰ ਸਿੰਘ ਕਾਫੀ ਨਰਮ ਸੁਭਾਅ ਦਾ ਨੌਜਵਾਨ ਸੀ ਜੋ ਕਿ ਪਿੰਡ ਰਹਿੰਦੇ ਸਮੇਂ ਕਦੇ ਕਿਸੇ ਨਾਲ ਨਹੀਂ ਸੀ ਲੜਿਆ ਝਗੜਿਆ।