ਸ੍ਰੀ ਫ਼ਤਹਿਗੜ੍ਹ ਸਾਹਿਬ/6 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
ਵਿਸ਼ਵ ਜਾਗ੍ਰਿਤੀ ਮਿਸ਼ਨ, ਸਰਹਿੰਦ ਨੇ ਸਰਦੀ ਦੇ ਮੌਸਮ ਦੌਰਾਨ ਗਰੀਬਾਂ ਅਤੇ ਲੋੜਵੰਦਾਂ ਨੂੰ ਕੰਬਲ ਵੰਡਣ ਦੀ ਆਪਣੀ ਪੁਰਾਣੀ ਪਰੰਪਰਾ ਨੂੰ ਇਸ ਵਰ੍ਹੇ ਵੀ ਜਾਰੀ ਰੱਖਿਆ ਹੈ। ਵਿਸ਼ਵ ਜਾਗ੍ਰਿਤੀ ਮਿਸ਼ਨ, ਸਰਹਿੰਦ ਦੇ ਸਕੱਤਰ ਡਾ: ਹਿਤੇਂਦਰ ਸੂਰੀ ਨੇ ਦੱਸਿਆ ਕਿ ਇਹ ਨੇਕ ਉਪਰਾਲਾ ਹਰ ਸਾਲ ਮਿਸ਼ਨ ਦੇ ਸਮਰਪਿਤ ਮੈਂਬਰਾਂ ਵੱਲੋਂ ਕੀਤਾ ਜਾਂਦਾ ਹੈ, ਜੋ ਫੁੱਟਪਾਥਾਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਸੌਣ ਵਾਲੇ ਵਿਅਕਤੀਆਂ ਦੇ ਮਦੱਦ ਲਈ ਅੱਗੇ ਆਉਂਦੇ ਹਨ ਤੇ ਕਮਿਊਨਿਟੀ ਵਿੱਚ ਕਮਜ਼ੋਰ ਲੋਕਾਂ ਦੀ ਸੇਵਾ ਕਰਨ ਲਈ ਮਿਸ਼ਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ। ਇਸ ਪਹਿਲਕਦਮੀ ਬਾਰੇ ਬੋਲਦਿਆਂ ਅਸ਼ਵਨੀ ਗਰਗ, ਪ੍ਰਧਾਨ, ਵਿਸ਼ਵ ਜਾਗ੍ਰਿਤੀ ਮਿਸ਼ਨ, ਨੇ ਲੋੜਵੰਦਾਂ ਦੀ ਦੇਖਭਾਲ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਸਾਰੇ ਮੈਂਬਰਾਂ ਅਤੇ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ ਜੋ ਠੰਡ ਦੇ ਇਸ ਮੌਸਮ ਵਿੱਚ ਰਾਤ ਨੂੰ ਸੜਕਾਂ ਤੇ ਘੁੰਮ ਕੇ ਲੋੜਵੰਦਾਂ ਦੀ ਮਦਦ ਕਰਦੇ ਹਨ। ਡਾ: ਹਿਤੇਂਦਰ ਸੂਰੀ ਨੇ ਦੱਸਿਆ ਕਿ ਵਿਸ਼ਵ ਜਾਗ੍ਰਿਤੀ ਮਿਸ਼ਨ ਵੱਲੋਂ 9 ਫਰਵਰੀ 2025 ਨੂੰ ਗੁਰੂ ਕ੍ਰਿਪਾ ਸੇਵਾ ਸੰਸਥਾ ਸਰਹਿੰਦ ਵਿਖੇ ਮੁਫਤ ਮੈਡੀਕਲ ਜਾਂਚ ਅਤੇ ਸਰਜੀਕਲ ਕੈਂਪ ਲਗਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਕੈਂਪ ਬਵਾਸੀਰ ਅਤੇ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰੇਗਾ ਜਿਸ ਵਿੱਚ ਲੋੜਵੰਦਾਂ ਦੇ ਬਨਾਵਟੀ ਅੰਗ ਵੀ ਲਗਾਏ ਜਾਣਗੇ। ਉਨ੍ਹਾਂ ਅਪੀਲ ਕੀਤੀ ਕਿ ਇਸ ਕੈਂਪ ਬਾਰੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਕੈਂਪ ਦਾ ਲਾਭ ਉਠਾ ਸਕਣ।