ਮੁੱਲਾਂਪੁਰ ਦਾਖਾ, 4 ਜਨਵਰੀ =ਸਤਿਨਾਮ ਬੜੈਚ=
ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਦੇ ਆਦੇਸ਼ ਅਨੁਸਾਰ ਪਰਮਿੰਦਰ ਸਿੰਘ ਐਸ.ਪੀ (ਡੀ) ਲੁਧਿਆਣਾ (ਦਿਹਾਤੀ) ਦੀ ਨਿਗਰਾਨੀ ਅਧੀਨ ਵਰਿੰਦਰ ਸਿੰਘ ਖੋਸਾ (ਪੀ.ਪੀ.ਐਸ) ਉਪ ਕਪਤਾਨ ਸਬ ਡਵੀਜਨ ਦਾਖਾ ਵੱਲੋ ਆਪਣੇ ਅਧੀਨ ਪੈਂਦੇ ਥਾਣਿਆਂ ਦੇ ਨਸ਼ਾ ਸਮੱਗਲਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਜਾਇਦਾਦ ਜਬਤ ਕਰਵਾਉਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕਾਰਵਾਈ ਤਹਿਤ ਇੰਸ: ਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੋਧਾਂ ਵੱਲੋ 9 ਕੁਇੰਟਲ ਭੁੱਕੀ ਸਮੇਤ ਕਾਬੂ ਕੀਤੇ ਗਏ ਅਵਤਾਰ ਸਿੰਘ ਉਰਫ ਰੇਸ਼ਮ ਪੁੱਤਰ ਗੁਰਮੇਲ ਸਿੰਘ ਵਾਸੀ ਜੰਡ ਰੋਡ ਵਾਸੀ ਲਤਾਲਾ ਥਾਣਾ ਜੋਧਾਂ ਵੱਲੋ ਨਸ਼ਾ ਵੇਚਕੇ ਬਣਾਈ 53 ਲੱਖ31ਹਜਾਰ 592 ਰੁਪਏ ਦੀ ਜਾਇਦਾਦ ਕੰਪੀਟੈਂਟ ਅਥਾਰਟੀ ਦਿੱਲੀ ਰਾਹੀਂ ਅਟੈਚ ਕਰਵਾਈ ਗਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਉੱਕਤ ਦੋਸ਼ੀ ਖਿਲਾਫ ਥਾਣਾ ਜੋਧਾ ਵਿੱਚ ਮੁਕੱਦਮਾ ਨੰਬਰ 52/2024 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ ਅਤੇ ਹੁਣ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ ਅਵਤਾਰ ਸਿੰਘ ਦੀਆਂ ਦੋ ਜਾਇਦਾਦਾਂ ਜਿਸ ਵਿੱਚ ਇੱਕ ਰਿਹਾਇਸ਼ੀ ਮਕਾਨ ਪਿੰੰਡ ਲਤਾਲਾ ਵਿਖੇ ਹੈ (ਕੀਮਤ 41ਲੱਖ 27 ਹਜਾਰ 750 ਰੁਪਏ), ਪਿੰਡ ਲਤਾਲਾ ਵਿਖੇ 1 ਕਨਾਲ 2 ਮਰਲੇ ਦਾ ਪਲਾਟ ਜਮੀਨ (ਕੀਮਤ 6 ਲੱਖ40 ਹਜਾਰ ਰੁਪਏ) ਅਤੇ ਆਈ.ਸੀ.ਆਈ.ਸੀ.ਆਈ ਬੈਂਕ ਬ੍ਰਾਂਚ ਪਿੰਡ ਜੰਡ ਵਿਖੇ ਖਾਤੇ ਵਿੱਚ ਜਮਾ ਪਏ 5 ਲੱਖ 63 ਹਜਾਰ 842 ਰੁਪਏ ਫਰੀਜ਼ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਇਸਤੋਂ ਇਲਾਵਾ ਸਬ ਡਵੀਜਨ ਦਾਖਾ ਅਧੀਨ ਆਉਂਦੇ ਨਸ਼ਾ ਸਮੱਗਲਰਾਂ ਦੇ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਅਤੇ ਜਿਸ ਵੀ ਕਿਸੇ ਸਮੱਗਲਰ ਵੱਲੋ ਨਸ਼ਿਆਂ ਦਾ ਧੰਦਾ ਕਰਕੇ ਜਾਇਦਾਦ ਬਣਾਉਣੀ ਪਾਈ ਜਾਂਦੀ ਹੈ ਤਾਂ ਉਸਦੀ ਜਾਇਦਾਦ ਨੂੰ ਕਾਨੂੰਨ ਮੁਤਾਬਿਕ ਪਹਿਲਾਂ ਅਟੈਚ ਅਤੇ ਫਿਰ ਜ਼ਬਤ ਕਰਵਾਇਆ ਜਾਵੇਗਾ।