ਸ੍ਰੀ ਫ਼ਤਹਿਗੜ੍ਹ ਸਾਹਿਬ/13 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
ਸਰਕਾਰੀ ਮਿਡਲ ਸਕੂਲ ਸਿੱਧਵਾਂ ਵਿਖੇ ਅੱਜ ਧੀਆਂ ਦੀ ਲੋਹੜੀ ਮਨਾਈ ਗਈ।ਉੱਘੇ ਵਾਤਾਵਰਨ ਪ੍ਰੇਮੀ ਅਤੇ ਸਾਇੰਸ ਅਧਿਆਪਕ ਮਨਮੋਹਨ ਰਾਏ ਥਾਪਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਦੀ ਪੰਚਾਇਤ,ਸਕੂਲ ਮੈਨੇਮਜੈਂਟ ਕਮੇਟੀ ਅਤੇ ਸਕੂਲ ਸਟਾਫ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਜਿਸ ਦਾ ਉਦੇਸ਼ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਪਿਆਰ ਦੇ ਕੇ ਅੱਗੇ ਵਧਣ ਦੇ ਮੌਕੇ ਦੇਣਾ ਤੇ ਲੜਕੀਆਂ ਦੀ ਭਰੂਣ ਹੱਤਿਆ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਹੈ।ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਸਾਡੇ ਸਮਾਜ ਨੂੰ ਲੜਕੀਆਂ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ ਸਖਤ ਲੋੜ ਹੈ।ਸਕੂਲ ਦੀ ਪ੍ਰਾਇਮਰੀ ਵਿੰਗ ਦੀ ਹੈੱਡ ਮਿਸਟ੍ਰੈੱਸ ਚਹਿਕ ਪੁਰੀ ਨੇ ਕਿਹਾ ਕਿ ਲੜਕੀਆਂ ਸਮਾਜ ਦੇ ਹਰ ਖੇਤਰ 'ਚ ਸ਼ਾਨ ਨਾਲ ਅੱਗੇ ਵਧ ਰਹੀਆਂ ਹਨ ਤੇ ਲੋੜ ਹੈ ਕਿ ਉਨਾਂ ਨੂੰ ਵੀ ਲੜਕਿਆਂ ਵਾਂਗ ਆਤਮ ਨਿਰਭਰ ਬਨਣ ਦੇ ਮੌਕੇ ਪ੍ਰਦਾਨ ਕੀਤੇ ਜਾਣ।ਆਰਤੀ ਸ਼ਰਮਾ ਵੱਲੋਂ ਇਸ ਮੌਕੇ ਵਿਦਿਆਰਥੀਆਂ ਦੀ ਦੁੱਲਾ ਭੱਟੀ ਦੇ ਇਤਿਹਾਸ ਨਾਲ ਸਾਂਝ ਪਵਾਈ ਗਈ।ਇਸ ਮੌਕੇ ਬੱਚਿਆਂ ਲਈ ਜਿੱਥੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਸੀ ਉੱਥੇ ਹੀ ਸਰਪੰਚ ਹਰਪਾਲ ਸਿੰਘ ਅਤੇ ਮਨਮੋਹਨ ਰਾਏ ਥਾਪਰ ਵੱਲੋਂ ਬੱਚੀਆਂ ਨੂੰ ਲੋਹੜੀ ਦਾ ਸ਼ਗਨ ਵੀ ਦਿੱਤਾ ਗਿਆ।ਇਸ ਮੌਕੇ ਰਮਨਦੀਪ,ਮਨਪ੍ਰੀਤ ਜਸਪਾਲ ਸਿੰਘ ਅਤੇ ਸਕੂਲ ਦਾ ਸਮੁੱਚਾ ਸਟਾਫ ਵੀ ਹਾਜ਼ਰ ਸੀ।