ਸ੍ਰੀ ਫ਼ਤਹਿਗੜ੍ਹ ਸਾਹਿਬ/13 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਲੋਂ ਲੌਹੜੀ ਅਤੇ ਮਾਘੀ ਦਾ ਤਿਉਹਾਰ ਅੱਜ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਪ੍ਰੋਗ੍ਰਮ ਵਿੱਚ ਮੋਜੂਦ ਸਖਸ਼ੀਅਤਾਂ ਨੂੰ ਜੀ ਆਇਆਂ ਨੁੰ ਕਿਹਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਡਾ. ਪਰਿਤ ਪਾਲ ਸਿੰਘ ਨੇ ਸਮੂਹ ਸਟਾਫ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਇਆਂ ਦਿੱਤੀਆਂ। ਇਸ ਮੋਕੇ ਵਾਈਸ-ਚਾਂਸਲਰ ਨੇ ਸਟਾਫ ਮੈਂਬਰਾਂ ਨਾਲ ਰਲ ਕੇ ਲੋਹੜੀ ਬਾਲੀ ਅਤੇ ਲੋਹੜੀ ਤੇ ਮਾਘੀ ਦੇ ਤਿਉਹਾਰਾਂ ਦੀ ਇੱਤਿਹਾਸਕ ਮਹਤੱਤਾ ਨੂੰ ਦਰਸਾਉਂਦਿਆਂ ਆਪਣੇ ਵਿਚਾਰ ਪੇਸ਼ ਕੀਤੇ।
ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕੈਡਮਿਕ ਅਫੇਅਰ ਨੇ ਦੱਸਿਆ ਕਿ ਇਸ ਸਾਲ ਦੀ ਲੋਹੜੀ ਯੂਨੀਵਰਸਿਟੀ ਨਵੇਂ ਵਿਆਹੇ ਟੀਚਰ ਸਾਹਿਬਾਨ ਅਤੇ ਯੂਨੀਵਰਸਿਟੀ ਪਰਿਵਾਰ ਦੇ ਉਹ ਮੈਂਬਰ ਜਿਨ੍ਹਾਂ ਨੂੰ ਔਲਾਦ ਦੀ ਦਾਤ ਪ੍ਰਮਾਤਮਾ ਵਲੋਂ ਪ੍ਰਾਪਤ ਹੋਈ ਨੂੰ ਸਮਰਪਿਤ ਕਰਦੀ ਹੈ। ਲੋਹੜੀ ਦੇ ਇਸ ਮੌਕੋ ਤੇ ਵਿਦਿਆਰਥੀਆਂ ਵਲੋਂ ਗਿੱਧਾ, ਟੱਪੇ ਅਤੇ ਸੰਗੀਤਮਈ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ। ਮੂੰਗਫਲੀ, ਗੱਚਕ ਅਤੇ ਰਿਊੜੀਆਂ ਦੇ ਸਵਾਦ ਦੇ ਨਾਲ ਯੂਨੀਵਰਸਿਟੀ ਦੇ ਸਮੂਹ ਸਟਾਫ ਨੇ ਇਹਨਾਂ ਪੇਸ਼ਕਾਰਿਆਂ ਦਾ ਖੂਬ ਅਨੰਦ ਮਾਣਿਆ।