ਚੰਡੀਗੜ੍ਹ, 14 ਜਨਵਰੀ
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵੱਲੋਂ ਖਰੀਦੀਆਂ ਗਈਆਂ 60 ਨਵੀਆਂ ਬੱਸਾਂ ਮੰਗਲਵਾਰ ਨੂੰ ਚੰਡੀਗੜ੍ਹ ਦੀਆਂ ਸੜਕਾਂ 'ਤੇ ਚੱਲਣ ਲਈ ਤਿਆਰ ਹਨ। ਇਨ੍ਹਾਂ ਬੱਸਾਂ ਦੇ ਸੰਚਾਲਨ ਨਾਲ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਗੁਆਂਢੀ ਰਾਜਾਂ ਨਾਲ ਬਿਹਤਰ ਸੰਪਰਕ ਦਾ ਰਾਹ ਪੱਧਰਾ ਹੋਵੇਗਾ। ਕਈ ਨਵੇਂ ਰੂਟ ਸ਼ੁਰੂ ਕੀਤੇ ਜਾਣਗੇ, ਜਿਸ ਦਾ ਸਿੱਧਾ ਲਾਭ ਲੋਕਾਂ ਨੂੰ ਮਿਲੇਗਾ।
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੰਗਲਵਾਰ ਨੂੰ ISBT-17 ਵਿਖੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ 60 ਬੱਸਾਂ 31 ਰੂਟਾਂ 'ਤੇ ਚੱਲਣਗੀਆਂ। ਜਿਨ੍ਹਾਂ ਵਿੱਚੋਂ ਕਈ ਨਵੀਆਂ ਹਨ ਅਤੇ ਕੁਝ ਪੁਰਾਣੇ ਰੂਟਾਂ ’ਤੇ ਬੱਸਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਇਨ੍ਹਾਂ ਰੂਟਾਂ 'ਤੇ ਟਰਾਇਲ ਰਨ ਸਫਲ ਰਹੇ ਹਨ।
ਸੀਟੀਯੂ ਨੇ ਲੰਬੇ ਰੂਟਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਨਵੀਆਂ ਏਸੀ ਬੱਸਾਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਹੈ। ਇਹ ਬੱਸਾਂ ਚੰਡੀਗੜ੍ਹ ਤੋਂ ਕਈ ਪ੍ਰਸਿੱਧ ਸਥਾਨਾਂ ਦੇ ਨਾਲ-ਨਾਲ ਕਈ ਹੋਰ ਨਵੇਂ ਰੂਟਾਂ 'ਤੇ ਚੱਲਣਗੀਆਂ। ਅਧਿਕਾਰੀਆਂ ਮੁਤਾਬਕ ਇਨ੍ਹਾਂ ਬੱਸਾਂ ਨਾਲ ਯਾਤਰੀਆਂ ਨੂੰ ਵਧੇਰੇ ਆਰਾਮ ਤੇ ਸਹੂਲਤਾਂ ਮਿਲਣਗੀਆਂ। ਇਨ੍ਹਾਂ ਬੱਸਾਂ ਵਿੱਚ ਆਧੁਨਿਕ ਏਸੀ ਸਿਸਟਮ, ਆਰਾਮਦਾਇਕ ਸੀਟਾਂ ਅਤੇ ਮੋਬਾਈਲ ਚਾਰਜਿੰਗ ਪੋਰਟ ਵਰਗੀਆਂ ਸਹੂਲਤਾਂ ਹੋਣਗੀਆਂ। ਇਸ ਤੋਂ ਇਲਾਵਾ ਹਰ ਬੱਸ ਵਿੱਚ ਜੀਪੀਐਸ ਟਰੈਕਿੰਗ ਸਿਸਟਮ ਵੀ ਲਗਾਇਆ ਗਿਆ ਹੈ। ਇਸ ਨਾਲ ਯਾਤਰੀਆਂ ਨੂੰ ਬੱਸਾਂ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਮਿਲੇਗੀ।