ਸ੍ਰੀ ਫ਼ਤਹਿਗੜ੍ਹ ਸਾਹਿਬ/19 ਫਰਵਰੀ:
(ਰਵਿੰਦਰ ਸਿੰਘ ਢੀਂਡਸਾ)
ਸਿੱਖ ਇਤਿਹਾਸ ਕੁਰਬਾਨੀਆਂ ਤੇ ਦਲੇਰੀ ਭਰੇ ਵਰਤਾਰਿਆਂ ਨਾਲ ਸ਼ੁਮਾਰ ਇਤਿਹਾਸ ਹੈ, ਜਿਸ ਵਿੱਚ ਸਿੱਖ ਬੀਬੀਆਂ ਦਾ ਯੋਗਦਾਨ ਬਹੁਤ ਅਹਿਮ ਹੈ। ਪਰ ਇਤਿਹਾਸਕ ਲੇਖਣੀਆਂ ਤੇ ਸਾਹਿਤਕ ਰਚਨਾਵਾਂ ਵਿੱਚ ਇਤਿਹਾਸ ਸਿਰਜਣ ਵਾਲੀਆਂ ਸਿੱਖ ਬੀਬੀਆਂ ਨੂੰ ਬਣਨੀ ਥਾਂ ਨਾ ਮਿਲਦੀ ਪ੍ਰਤੀਤ ਹੁੰਦੀ ਹੈ, ਜਿਸ ਦੇ ਮੱਦੇਨਜ਼ਰ "ਸਿੱਖ ਕਾਜ ਨੂੰ ਪ੍ਰਣਾਈਆਂ ਮਹਾਨ ਸਿੱਖ ਇਸਤਰੀਆਂ" ਨਾਮੀਂ ਪੁਸਤਕ ਲਿਖੀ ਗਈ ਹੈ, ਜਿਹੜੀ ਕਿ ਨਵਯੁਗ ਪਬਲਿਸ਼ਰਜ਼ ਵੱਲੋਂ ਛਾਪੀ ਗਈ ਹੈ, ਜਿਸ ਨੂੰ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵੱਲੋਂ ਬਸੰਤ ਰੁੱਤੇ ਨਵਯੁਗ ਫਾਰਮ ਮਹਿਰੌਲੀ ਵਿਖੇ ਲਾਈ "ਧੁੱਪ ਦੀ ਮਹਿਫ਼ਲ" ਨਾਂ ਦੇ ਪ੍ਰੋਗਰਾਮ ਦੌਰਾਨ ਲੋਕ ਅਰਪਣ ਕੀਤਾ ਗਿਆ ਹੈ। ਇਸ ਉਪਰਾਲੇ ਲਈ ਜ਼ਿਲ੍ਹਾ ਲਿਖਾਰੀ ਸਭਾ, ਫ਼ਤਹਿਗੜ੍ਹ ਸਾਹਿਬ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੀ ਸ਼ਲਾਘਾ ਤੇ ਧੰਨਵਾਦ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਾਟਾ ਜ਼ਿਲ੍ਹਾ ਲਿਖਾਰੀ ਸਭਾ, ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਤੇ ਕਿਤਾਬ ਦੀ ਲੇਖਕਾ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਕੀਤਾ।ਜ਼ਿਲ੍ਹਾ ਲਿਖਾਰੀ ਸਭਾ ਦੇ ਹੋਰਨਾਂ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਵਾਰਤਾਲਾਪ ਦੌਰਾਨ ਬੀਬੀ ਸਰਹਿੰਦ ਨੇ ਦੱਸਿਆ ਕਿ "ਧੁੱਪ ਦੀ ਮਹਿਫ਼ਲ" ਨਾਂ ਦੇ ਪ੍ਰੋਗਰਾਮ ਦੌਰਾਨ ਕਿਤਾਬ ਲੋਕ ਅਰਪਣ ਕਰਨ ਦੀ ਰਸਮ ਪ੍ਰੋ. ਗੁਲਜ਼ਾਰ ਸਿੰਘ ਸੰਧੂ ਪ੍ਰਧਾਨ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ, ਪ੍ਰੋ.ਰੇਣੂਕਾ ਸਿੰਘ, ਚੇਅਰਪਰਸਨ, ਡਾ. ਰਘਬੀਰ ਸਿੰਘ (ਸਿਰਜਣਾ) ਤੇ ਬਚਿੰਤ ਕੌਰ ਵੱਲੋਂ ਨਿਭਾਈ ਗਈ। ਬੀਬੀ ਪਰਮਜੀਤ ਕੌਰ ਸਰਹਿੰਦ ਨੇ ਦੱਸਿਆ ਕਿ
ਉਹਨਾਂ ਨੇ ਖੁਦ "ਧੁੱਪ ਦੀ ਮਹਿਫ਼ਲ" ਵਿੱਚ ਸ਼ਾਮਲ ਹੋਣਾ ਸੀ ਪਰ ਸਿਹਤ ਠੀਕ ਨਾ ਹੋਣ ਕਰ ਕੇ ਉਹ ਖੁਦ ਸ਼ਾਮਲ ਨਹੀਂ ਹੋ ਸਕੇ। ਉਹਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੇ ਵਿਰਸੇ ਨਾਲ ਜੋੜਨਾ ਲਾਜ਼ਮੀ ਹੈ, ਖਾਸ ਤੌਰ 'ਤੇ ਸਾਡੀਆਂ ਧੀਆਂ ਨੂੰ ਉਨ੍ਹਾਂ ਮਹਾਨ ਸਿੱਖ ਬੀਬੀਆਂ ਬਾਰੇ ਦੱਸਣਾ ਲਾਜ਼ਮੀ ਹੈ, ਜਿਨ੍ਹਾਂ ਨੇ ਬਹੁਤ ਔਖੇ ਪੈਂਡੇ ਸਰ ਕਰਦਿਆਂ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਈ ਤੇ ਅਣਖ ਤੇ ਗੈਰਤ ਵਾਲੀ ਜ਼ਿੰਦਗੀ ਬਤੀਤ ਕਰਨ ਦੀ ਜਾਚ ਦੁਨੀਆਂ ਨੂੰ ਸਿਖਾਈ।ਮਹਾਨ ਸਿੱਖ ਬੀਬੀਆਂ ਨੇ ਮਜ਼ਲੂਮਾਂ ਤੇ ਗੁਲਾਮਾਂ ਵਾਂਙ ਜ਼ਿੰਦਗੀ ਬਤੀਤ ਕਰਨ ਦੀ ਥਾਂ ਗੁਰੂ ਪੁੱਤਰੀਆਂ ਬਣ ਕੇ ਦਲੇਰਾਨਾ ਢੰਗ ਨਾਲ ਜ਼ਿੰਦਗੀਆਂ ਬਤੀਤ ਕੀਤੀਆਂ ਤੇ ਲੋੜ ਪੈਣ ਉੱਤੇ ਖਿੜੇ ਮੱਥੇ ਸ਼ਹਾਦਤਾਂ ਪ੍ਰਵਾਨ ਕੀਤੀਆਂ। ਉਨ੍ਹਾਂ ਕਿਹਾ ਕਿ ਨੌਜਵਾਨ ਬੱਚੀਆਂ ਇਸ ਕਿਤਾਬ ਜ਼ਰੀਏ ਮਹਾਨ ਸਿੱਖ ਬੀਬੀਆਂ ਤੋਂ ਪ੍ਰੇਰਨਾ ਲੈ ਕੇ ਚੜ੍ਹਦੀਕਲਾ ਵਾਲਾ ਜੀਵਨ ਬਤੀਤ ਕਰਨ ਦੇ ਰਾਹ ਪੈਣ ਤਾਂ ਹੀ ਪੰਥ ਦੀ ਅਸਲ ਰੂਪ ਵਿੱਚ ਚੜ੍ਹਦੀਕਲਾ ਹੋਵੇਗੀ ਤੇ ਦੇਸ ਪੰਜਾਬ ਬੁਲੰਦੀਆਂ ਹਾਸਲ ਕਰੇਗਾ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਸਾਧੂ ਸਿੰਘ ਪਨਾਗ, ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ, ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ,ਪ੍ਰੈਸ ਸਕੱਤਰ ਅਮਰਬੀਰ ਸਿੰਘ ਚੀਮਾ, ਖ਼ਜ਼ਾਨਚੀ ਅਵਤਾਰ ਸਿੰਘ ਪੁਆਰ, ਸਕੱਤਰ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਢਿੱਲੋਂ, ਪਿਰਤਪਾਲ ਸਿੰਘ ਭੜੀ, ਮਨਜੀਤ ਸਿੰਘ ਘੁੰਮਣ ਅਤੇ ਹੋਰ ਮੈਂਬਰ ਸਾਹਿਬਾਨ ਹਾਜ਼ਰ ਸਨ।