ਸ੍ਰੀ ਫ਼ਤਹਿਗੜ੍ਹ ਸਾਹਿਬ/20 ਫ਼ਰਵਰੀ:
(ਰਵਿੰਦਰ ਸਿੰਘ ਢੀਂਡਸਾ)
ਸਰਕਾਰੀ ਹਾਈ ਸਕੂਲ, ਬਾਹਮਣ ਮਾਜਰਾ (ਸਰਹਿੰਦ) ਦੇ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦੀ ਅਗਵਾਈ ਵਿੱਚ ਅੱਜ ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਕਾਲਜ ਦੇ ਸਮੂਹ ਵਿਭਾਗ (ਆਰਟਸ, ਕਾਮਰਸ, ਸਾਇੰਸ ਅਤੇ ਕੰਪਿਊਟਰ ਸਾਇੰਸ) ਆਦਿ ਦਿਖਾਏ ਗਏ। ਕਾਲਜ ਦੀ ਲਾਇਬ੍ਰੇਰੀ, ਕੰਪਿਊਟਰ ਲੈਬਜ਼, ਕੈਮਿਸਟਰੀ ਅਤੇ ਫਿਜ਼ੀਕਲ ਲੈਬ ਦੇਖਣ ਮੌਕੇ ਵਿਦਿਆਰਥੀਆਂ ਵਿੱਚ ਕਾਫੀ ਉਤਸ਼ਾਹ ਦਿਖਾਈ ਦਿੱਤਾ। ਕਾਲਜ ਦੀ ਪ੍ਰਿੰਸੀਪਲ ਡਾ. ਵਨੀਤਾ ਗਰਗ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਚੰਗੇ ਨੰਬਰ ਹਾਸਲ ਕਰਕੇ ਗ੍ਰੈਜੂਏਸ਼ਨ ਕਰਨ ਲਈ ਆਪਣੀ ਇੱਛਾ ਅਨੁਸਾਰ ਕਾਲਜ ਦੇ ਵੱਖ ਵੱਖ ਕੋਰਸਾਂ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰੋਫ਼ੈਸਰ ਡਾ. ਜਸਪ੍ਰੀਤ ਕੌਰ, ਡਾ. ਸਤਪਾਲ ਸਿੰਘ, ਡਾ. ਨਵਜੋਤ ਕੌਰ ਅਤੇ ਡਾ. ਰੂਪਕਮਲ ਕੌਰ ਨੇ ਵੀ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਪ੍ਰੋਤਸਾਹਿਤ ਕੀਤਾ।