ਸ੍ਰੀ ਫਤਿਹਗੜ੍ਹ ਸਾਹਿਬ/20 ਫਰਵਰੀ:
(ਰਵਿੰਦਰ ਸਿੰਘ ਢੀਂਡਸਾ)
ਨਗਰ ਕੌਂਸਲ ਸਰਹਿੰਦ ਦੇ ਅਧੀਨ ਆਉਂਦੇ ਬ੍ਰਾਹਮਣ ਮਾਜਰਾ ਵਾਸੀਆਂ ਵੱਲੋਂ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ ਤੇ ਵਿਧਾਇਕ ਲਖਬੀਰ ਸਿੰਘ ਰਾਏ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਕਲੋਨੀ ਦੇ ਪ੍ਰਧਾਨ ਨਿਰੰਜਣ ਦਾਸ, ਸ਼ਾਂਤੀ ਦੇਵੀ, ਵੀਰੋ ਦੇਵੀ, ਸਕੁੰਤਲਾ ਦੇਵੀ ਅਤੇ ਹੋਰ ਨੌਜਵਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਲਖਬੀਰ ਸਿੰਘ ਰਾਏ ਉਹਨਾਂ ਦੇ ਲਈ ਮਸੀਹਾ ਬਣ ਕੇ ਆਏ ਹਨ। ਜਿਨਾਂ ਨੇ ਉਨਾਂ ਦੇ ਘਰਾਂ ਨੂੰ ਬਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ। ਜੇਕਰ ਉਹ ਅੱਗੇ ਨਾ ਆਉਂਦੇ ਤਾਂ ਉਹਨਾਂ ਦੇ ਘਰ ਤੋੜ ਦਿੱਤੇ ਜਾਣੇ ਸਨ ਤੇ ਪਤਾ ਨਹੀਂ ਉਹ ਆਪਣੇ ਬੱਚੇ ਲੈ ਕੇ ਸੜਕਾਂ ਤੇ ਕਿੱਥੇ ਰੁਲਦੇ । ਉਨ੍ਹਾਂ ਕਿਹਾ ਕਿ ਉਹ ਸਾਰੇ ਕਲੋਨੀ ਵਾਸੀ ਜਲਦ ਹੀ ਵਿਧਾਇਕ ਲਖਬੀਰ ਸਿੰਘ ਰਾਏ ਦਾ ਸਨਮਾਨ ਕਰਨਗੇ। ਇੱਥੇ ਜ਼ਿਕਰ ਯੋਗ ਹੈ ਕਿ ਜਿਸ ਵਿਵਾਦਿਤ ਜ਼ਮੀਨ ਉੱਤੇ ਇਹ 100 ਦੇ ਕਰੀਬ ਪਰਿਵਾਰ ਰਹਿ ਰਹੇ ਹਨ ਸਨ ਉਕਤ ਤਿੰਨ ਕਨਾਲ 18 ਮਰਲੇ ਜ਼ਮੀਨ ਜਗਜੀਤ ਸਿੰਘ ਵਾਸੀ ਕੋਟਲਾ ਭਾਈਕਾ ਦੀ ਸੀ, ਜੋ ਪਿਛਲੇ 35 ਸਾਲਾਂ ਤੋਂ ਆਪਣੀ ਜ਼ਮੀਨ ਦਾ ਕਬਜ਼ਾ ਲੈਣ ਲਈ ਅਦਾਲਤ ਚ ਕੇਸ ਲੜ ਰਿਹਾ ਸੀ।ਕੁਝ ਸਮਾਂ ਪਹਿਲਾਂ ਮਾਨਯੋਗ ਅਦਾਲਤ ਨੇ ਉਕਤ ਜ਼ਮੀਨ ਤੇ ਨਜਾਇਜ਼ ਕਬਜ਼ੇ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਜਿਸ ਦੇ ਮੱਦੇ ਨਜ਼ਰ ਪ੍ਰਸ਼ਾਸਨਿਕ ਅਧਿਕਾਰੀ ਭਾਰੀ ਪੁਲਿਸ ਫੋਰਸ ਲੈ ਕੇ ਉਕਤ ਵਿਵਾਦਿਤ ਜਮੀਨ ਦਾ ਕਬਜ਼ਾ ਸਬੰਧਿਤ ਮਾਲਕ ਨੂੰ ਦਵਾਉਣ ਲਈ ਪੁਹੰਚੇ ਸਨ ਜਿਸ ਦੀ ਸੂਚਨਾ ਮਿਲਣ ਤੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਵਿਚ ਪੈ ਕੇ ਦੋਵਾਂ ਧਿਰਾਂ 'ਚ ਸਮਝੌਤਾ ਕਰਵਾ ਦਿੱਤਾ ਗਿਆ। ਜਿਸ ਨਾਲ 100 ਦੇ ਕਰੀਬ ਪਰਿਵਾਰਾਂ ਦੇ ਘਰ ਉੱਜੜਨ ਤੋਂ ਬੱਚ ਗਏ।ਵਿਧਾਇਕ ਲਖਵੀਰ ਸਿੰਘ ਰਾਏ ਦੇ ਇਸ ਉਪਰਾਲੇ ਦੀ ਇਲਾਕੇ 'ਚ ਕਾਫੀ ਸ਼ਲਾਘਾ ਹੋ ਰਹੀ ਹੈ।