ਸ੍ਰੀ ਫ਼ਤਹਿਗੜ੍ਹ ਸਾਹਿਬ/ 19 ਫਰਵਰੀ:(ਰਵਿੰਦਰ ਸਿੰਘ ਢੀਂਡਸਾ)ਪਿਛਲੇ 35 ਸਾਲਾਂ ਤੋਂ ਬ੍ਰਾਹਮਣ ਮਾਜਰਾ ਦੇ ਨਜਾਇਜ਼ ਕਬਜ਼ਿਆਂ ਦਾ ਵਿਵਾਦ ਅੱਜ ਵਿਧਾਇਕ ਲਖਵੀਰ ਸਿੰਘ ਰਾਏ ਦੇ ਯਤਨਾਂ ਸਦਕਾ ਖਤਮ ਹੋ ਗਿਆ। ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਨਾਮਕ ਧਿਰ ਵੱਲੋਂ ਪਿਛਲੇ ਕਰੀਬ 35 ਸਾਲਾਂ ਤੋਂ ਉਕਤ ਤਿੰਨ ਕਨਾਲ 18 ਮਰਲੇ ਜਗ੍ਹਾ ਨੂੰ ਛਡਵਾਉਣ ਦੇ ਲਈ ਹਾਈਕੋਰਟ ਦਾ ਰੁਖ ਕੀਤਾ ਹੋਇਆ ਸੀ, ਮਾਨਯੋਗ ਹਾਈਕੋਰਟ ਵੱਲੋਂ ਉਕਤ ਜਗ੍ਹਾ ਨੂੰ ਵੇਹਲੀ ਕਰਵਾਉਣ ਦੇ ਹੁਕਮ ਵੀ ਦਿੱਤੇ ਜਾ ਚੁੱਕੇ ਸਨ। ਜਿਸ ਨਾਲ ਸੌ ਦੇ ਕਰੀਬ ਘਰ ਉੱਤੇ ਉਜਾੜੇ ਦੀ ਤਲਵਾਰ ਲਟਕ ਰਹੀ ਸੀ ਇਸ ਤੋਂ ਇਲਾਵਾ ਇੱਕ ਮੰਦਰ ਅਤੇ ਮਾੜੀ ਵੀ ਉਕਤ ਵਿਵਾਦਿਤ ਜ਼ਮੀਨ ਵਿੱਚ ਆਉਂਦੇ ਸਨ। ਉਕਤ ਮਾਹੌਲ ਨੂੰ ਦੇਖਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਇਸ ਮਾਮਲੇ ਨੂੰ ਨਿਜੀ ਤੌਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਸਨ। ਜਿਸ ਵਿੱਚ ਅੱਜ ਉਹ ਕਾਮਯਾਬ ਵੀ ਹੋ ਗਏ।ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਸਰਹਿੰਦ ਦੇ ਅਧੀਨ ਬ੍ਰਾਹਮਣ ਮਾਜਰਾ ਵਿਖੇ 100 ਦੇ ਕਰੀਬ ਪਰਿਵਾਰ ਇਸ ਜਗ੍ਹਾ ਉੱਤੇ ਰਹਿ ਰਹੇ ਸਨ, ਜਿਹਨਾਂ ਦੇ ਘਰਾਂ ਨੂੰ ਟੁੱਟਣ ਤੋਂ ਬਚਾਉਣ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਉਕਤ ਦੋਵੇਂ ਧਿਰਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ ਗਿਆ ਹੈ ਜਿਸ ਨਾਲ ਹੁਣ ਇਹ ਘਰ ਢਹਿਣ ਤੋਂ ਬਚ ਜਾਣਗੇ। ਉਨਾਂ ਕਿਹਾ ਕਿ ਜੇਕਰ ਘਰ ਤੋੜਨ ਦੀ ਇਹ ਕਾਰਵਾਈ ਅਮਲ ਦੇ ਵਿੱਚ ਆ ਜਾਂਦੀ ਤਾਂ ਸਰਹਿੰਦ ਵਾਸੀਆਂ ਦੇ ਮੱਥੇ ਉੱਤੇ ਇੱਕ ਕਲੰਕ ਲੱਗ ਜਾਣਾ ਸੀ। ਪਰ ਪਰਮਾਤਮਾ ਦੀ ਕਿਰਪਾ ਸਦਕਾ ਅਸੀਂ ਇਸ ਮਸਲੇ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਹੋ ਗਏ ਹਾਂ।ਪਟੀਸ਼ਨ ਕਰਤਾ ਜਗਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਲਖਬੀਰ ਸਿੰਘ ਰਾਏ ਦੇ ਯਤਨਾਂ ਸਦਕਾ ਹੀ ਉਹ ਇਸ ਜ਼ਮੀਨ ਸਬੰਧੀ ਸਮਝੌਤਾ ਕਰਨ ਲਈ ਸਹਿਮਤ ਹੋਏ ਹਨ। ਪੁਲਿਸ ਫੋਰਸ ਦੀ ਅਗਵਾਈ ਕਰ ਰਹੇ ਐਸਪੀ (ਡੀ) ਰਕੇਸ਼ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਗਜੀਤ ਸਿੰਘ ਨੇ ਉਨਾਂ ਨੂੰ ਕਹਿ ਦਿੱਤਾ ਹੈ ਕਿ ਉਨਾਂ ਦਾ ਉਕਤ ਧਿਰ ਦੇ ਨਾਲ ਸਮਝੌਤਾ ਹੋ ਗਿਆ ਹੈ ਇਸ ਲਈ ਉਨਾਂ ਨੂੰ ਹੁਣ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਨਹੀਂ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੀਸ਼ ਕੁਮਾਰ ਅੱਤਰੀ, ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਸਿੰਘ ਜੱਸੀ, ਰਵਿੰਦਰ ਪੁਰੀ, ਸਨੀ ਚੋਪੜਾ, ਗੁਰਮੁਖ ਸਿੰਘ ਗੁਰਾਇਆ ਨਰੋਤਮਜੀਤ ਸਿੰਘ, ਮੁਕੇਸ਼ ਮਹਿੰਗੀ ਭਾਂਡਾ, ਰਜੇਸ਼ ਉੱਪਲ, ਤਰਸੇਮ ਉੱਪਲ, ਅਮਰਿੰਦਰ ਮੰੜੋਫਲ, ਮਨਦੀਪ ਪੋਲਾ, ਹੈਪੀ ਭੈਣੀ ਐਡਵੋਕੇਟ ਕੰਵਰਵੀਰ ਸਿੰਘ ਰਾਏ, ਪੀਏ ਸਤੀਸ਼ ਕੁਮਾਰ, ਦਫਤਰ ਸਕੱਤਰ ਬਹਾਦਰ ਖਾਨ, ਨਿੱਜੀ ਸਕੱਤਰ ਮਾਨਵ ਟਿਵਾਣਾ, ਸਰਬਜੀਤ ਭਿੰਡਰ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।