ਸ੍ਰੀ ਫ਼ਤਹਿਗੜ੍ਹ ਸਾਹਿਬ/19 ਫਰਵਰੀ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਕਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਵਿਚ ਵਿੱਤੀ ਸਾਖਰਤਾ ਅਤੇ ਗਿਆਨ ਵਧਾਉਣ ਲਈ ਐਨ.ਸੀ.ਐਫ.ਈ. (ਨੈਸ਼ਨਲ ਸੈਂਟਰ ਫਾਰ ਫਾਈਨੈਂਸ਼ੀਅਲ ਐਜੂਕੇਸ਼ਨ) ਮੁੰਬਈ ਦੇ ਸਹਿਯੋਗ ਨਾਲ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੌਕੇ ਨੈਸ਼ਨਲ ਸੈਂਟਰ ਫ਼ਾਰ ਫ਼ਾਈਨੈਂਸ਼ਿਅਲ ਐਜੂਕੇਸ਼ਨ ਦੇ ਉੱਘੇ ਟ੍ਰੇਨਰ ਕੁਲਦੀਪ ਗਾਂਧੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਨਲਾਈਨ ਭੁਗਤਾਨ ਪਲੇਟਫਾਰਮਾਂ ਦੀ ਵਰਤੋਂ ਕਰਦੇ ਸਮੇਂ ਵਿੱਤੀ ਧੋਖਾਧੜੀ, ਕ੍ਰੈਡਿਟ ਕਾਰਡਾਂ ਦੀ ਸਹੀ ਵਰਤੋਂ, ਨਿਵੇਸ਼ ਦੇ ਵੱਖ-ਵੱਖ ਮੌਕਿਆਂ ਆਦਿ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਕਮਰਸ ਵਿਭਾਗ ਦੇ ਮੁਖੀ ਪ੍ਰੋ. ਮੁਹੰਮਦ ਅਨਵਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਇੰਟਰੈਕਟਿਵ ਸੈਸ਼ਨ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਅਤੇ ਸਰਬਪੱਖੀ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਹਨ। ਕਮਰਸ ਵਿਭਾਗ ਦੇ ਡਾ. ਹਰਜੀਤ ਕੌਰ ਨੇ ਅਜੋਕੇ ਸਮੇਂ ਅੰਦਰ ਅਜਿਹੇ ਜਾਗਰੂਕਤਾ ਕੈਂਪਾਂ ਅਤੇ ਵਰਕਸ਼ਾਪਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਮੌਕੇ ਕਮਰਸ ਵਿਭਾਗ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।