ਸ੍ਰੀ ਫ਼ਤਹਿਗੜ੍ਹ ਸਾਹਿਬ/5 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੇਡੀ ਸਿੰਘ ਦੀ ਅਗਵਾਈ ਹੇਠ ਜ਼ਿਲਾ ਹਸਪਤਾਲ ਵਿਖੇ "ਵਿਸ਼ਵ ਸੁਣਨ ਸ਼ਕਤੀ ਦਿਵਸ" ਨੂੰ ਸਮਰਪਿਤ ਕੰਨਾਂ ਦਾ ਵਿਸ਼ੇਸ਼ ਚੈੱਕ ਅਪ ਕੈਂਪ ਲਗਾਇਆ ਗਿਆ ਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਕੰਨਾਂ ਦੀ ਸਾਂਭ ਸੰਭਾਲ ਤੇ ਬੋਲੇਪਣ ਤੋਂ ਬਚਾਅ ਲਈ ਓਹਨਾ ਨੂੰ ਸੈਂਸੇਟਾਈਜ਼ ਕੀਤਾ ਗਿਆ । ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਕੰਨ ਸ਼ਰੀਰ ਦਾ ਮਹੱਤਵਪੂਰਨ ਅੰਗ ਹਨ, ਪਰ ਕੰਨਾਂ ਦੀਆਂ ਬੀਮਾਰੀਆਂ ਪ੍ਰਤੀ ਸਾਵਧਾਨੀ ਨਾ ਰੱਖਣ ਕਾਰਨ ਜਿਆਦਾਤਰ ਬੋਲੇਪਨ ਦੀ ਸਮੱਸਿਆ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕੰਨ ਸਰੀਰ ਦਾ ਇਕ ਨਾਜੁਕ ਅੰਗ ਹੈ। ਇਸ ਲਈ ਤੇਜ ਆਵਾਜ਼, ਦੂਸ਼ਿਤ ਵਾਤਾਵਰਨ, ਗੰਦੇ ਪਾਣੀ ਅਤੇ ਕੰਨਾਂ ਵਿਚ ਨੁਕੀਲੀਆਂ ਚੀਜਾਂ ਮਾਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਕਿਸੇ ਵੀ ਵਿਅਕਤੀ ਦੀ ਸੁਣਨ ਸ਼ਕਤੀ ਘੱਟ ਹੋ ਸਕਦੀ ਹੈ ਜਾਂ ਹਮੇਸ਼ਾ ਲਈ ਜਾ ਸਕਦੀ ਹੈ। ਉਹਨਾਂ ਇਸ ਸਾਲ ਦੀ ਥੀਮ "ਮਾਨਸਿਕਤਾ ਬਦਲੋ :ਆਪਣੇ ਆਪ ਨੂੰ ਸਮਰੱਥ ਬਣਾਓ, ਕੰਨ ਅਤੇ ਸੁਣਨ ਦੀ ਦੇਖਭਾਲ ਨੂੰ ਸਾਰਿਆਂ ਲਈ ਹਕੀਕਤ ਬਣਾਓ" ਬਾਰੇ ਵੀ ਜਾਣਕਾਰੀ ਦਿੱਤੀ। ਨੱਕ ਕੰਨ ਗਲੇ ਦੇ ਮਾਹਰ ਡਾ. ਦਮਨਜੀਤ ਕੌਰ ਨੇ ਦੱਸਿਆ ਕਿ ਕੰਨਾਂ ਦੇ ਬੋਲੇਪਨ ਦਾ ਮੁੱਖ ਕਾਰਨ ਬਚਪਨ ਦੇ ਰੋਗ, ਦੁਰਘਟਨਾਵਾਂ ਅਤੇ ਗਰਭ ਅਵਸਥਾ ਜਾਂ ਜਨਮ ਦੋਰਾਨ ਹੋਣ ਵਾਲੇ ਰੋਗਾਂ ਕਾਰਨ ਹੋ ਸਕਦਾ ਹੈ। ਹਾਈਰਿਸਕ ਕੇਸਾਂ ਵਿੱਚ ਨਵਜਨਮੇ ਬੱਚੇ ਦੀ ਸੁਣਨ ਸ਼ਕਤੀ ਦੀ ਜਾਂਚ ਜਲਦ ਤੋਂ ਜਲਦ ਕਰਵਾਉਣੀ ਚਾਹੀਦੀ ਹੈ ਤਾਂ ਜੋ ਜੇਕਰ ਕੋਈ ਸਮੱਸਿਆ ਸਾਹਮਣੇ ਆਵੇ ਤਾਂ ਉਸਦਾ ਇਲਾਜ ਜਲਦ ਸ਼ੁਰੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਵਾਜ ਪ੍ਰਦੂਸ਼ਨ ਲੋਕਾਂ ਵਿੱਚ ਸੁਣਨ ਸ਼ਕਤੀ ਦੇ ਕਮਜੋਰ ਹੋਣ ਦਾ ਵੱਡਾ ਕਾਰਨ ਬਣ ਰਿਹਾ ਹੈ, ਇਸ ਲਈ ਸਾਨੂੰ ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਅਤੇ ਹੈੱਡ ਫੋਨ ਦੀ ਉੱਚੀ ਆਵਾਜ਼ ਪ੍ਰਤੀ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਮੌਕੇ ਤੇ ਜਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ ਤੋਂ ਇਲਾਵਾ ਨਰਸਿੰਗ ਵਿਦਿਆਰਥੀ, ਮਰੀਜ਼ ਅਤੇ ਉਹਨਾਂ ਦੇ ਵਾਰਸ ਹਾਜ਼ਰ ਸਨ।