06,March
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤ ਸਿੰਘ ਵਾਲਾ, ਜ਼ਿਲ੍ਹਾ ਮੋਹਾਲੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ 'ਪੁਕਾਰ' ਐਨਜੀਓ ਤੋਂ ਸ਼੍ਰੀਮਤੀ ਸ਼ਿਵਾਨੀ ਅਤੇ ਉਨ੍ਹਾਂ ਦੀ ਸਹਿਯੋਗੀ ਸ਼੍ਰੀਮਤੀ ਕੁਮੁਦ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀਮਤੀ ਸ਼ਾਲਿਨੀ ਸਿੰਗਲਾ ਨੇ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਪਿਛੋਕੜ ਅਤੇ ਉਸਦੀ ਮਹੱਤਤਾ 'ਤੇ ਪ੍ਰਕਾਸ਼ ਪਾਇਆ ਅਤੇ ਮਹਿਲਾਵਾਂ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਥਿਤੀ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ।
ਹਰਪ੍ਰੀਤ ਕੌਰ ਨੇ ਮਹਿਲਾ ਸਸ਼ਕਤੀਕਰਨ 'ਤੇ ਆਪਣੀ ਸੁੰਦਰ ਕਵਿਤਾ ਸੁਣਾਈ। ਗੁਰਪ੍ਰੀਤ ਕੌਰ ਨੇ ਪਰਿਵਾਰ ਅਤੇ ਸਮਾਜ ਵਿੱਚ ਮਹਿਲਾਵਾਂ ਦੇ ਯੋਗਦਾਨ 'ਤੇ ਆਪਣਾ ਪ੍ਰਕਾਸ਼ ਪਾਇਆ। ਮਹਕਪ੍ਰੀਤ ਕੌਰ ਨੇ ਆਪਣੀ ਮਿੱਠੀ ਅਵਾਜ਼ ਵਿੱਚ ਮਹਿਲਾ ਦਿਵਸ 'ਤੇ ਗੀਤ ਪ੍ਰਸਤੁਤ ਕੀਤਾ। ਸ਼੍ਰੀਮਤੀ ਪਾਇਲ ਭਾਰਦਵਾਜ਼ ਨੇ ਕਿਹਾ ਕਿ ਮਹਿਲਾਵਾਂ ਨੂੰ ਕਦੇ ਵੀ ਆਪਣੇ ਆਪ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ ਅਤੇ ਸਦਾ ਆਤਮਵਿਸ਼ਵਾਸ ਨਾਲ਼ ਅੱਗੇ ਵਧਣਾ ਚਾਹੀਦਾ ਹੈ। 'ਪੁਕਾਰ' ਐਨਜੀਓ ਤੋਂ ਸ਼੍ਰੀਮਤੀ ਸ਼ਿਵਾਨੀ ਨੇ ਦੱਸਿਆ ਕਿ ਇਸ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਥੀਮ “ਐਕਸੀਲੇਰਟ ਐਕਸ਼ਨ” ਭਾਵ ਤੇਜ਼ੀ ਨਾਲ਼ ਕਦਮ ਚੁੱਕਣਾ ਹੈ।
ਉਨ੍ਹਾਂ ਨੇ ਮਹਿਲਾਵਾਂ ਦੇ ਨਾਲ਼ ਹੋ ਰਹੀ ਹਿੰਸਾ ਨੂੰ ਰੋਕਣ, ਕਠੋਰ ਕਾਨੂੰਨ ਬਣਾਉਣ, ਮਹਿਲਾਵਾਂ ਨੂੰ ਜਾਗਰੂਕ ਕਰਨ, ਪੀੜਿਤਾਂ ਨੂੰ ਮਜ਼ਬੂਤ ਕਰਨ, ਸਿੱਖਿਅਤ ਅਤੇ ਸਵਾਭੀਮਾਨੀ ਬਣਾਉਣ ਵਰਗੀਆਂ ਸਾਰੀਆਂ ਗੱਲਾਂ ਵੱਲ ਤੇਜ਼ੀ ਨਾਲ਼ ਕਦਮ ਚੁੱਕਣ 'ਤੇ ਜ਼ੋਰ ਦਿੱਤਾ। ਸਕੂਲ ਦੇ ਪ੍ਰਿੰਸੀਪਲ ਡਾ. ਸੁਨੀਲ ਬਹਿਲ ਨੇ ਜੀਵਨ ਦੇ ਹਰ ਖੇਤਰ ਵਿੱਚ ਔਰਤਾਂ ਦੇ ਵੱਧਦੇ ਕਦਮਾਂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਹਰ ਸਤਿਕਾਰ ਅਤੇ ਮੌਕਾ ਦੇਣ 'ਤੇ ਬਲ ਦਿੱਤਾ। ਤਨੁ ਗੋਯਲ, ਪੰਜਾਬੀ ਅਧਿਆਪਿਕਾ, ਸਰਕਾਰੀ ਮਿਡਲ ਸਕੂਲ, ਜ਼ੀਰਕਪੁਰ ਨੇ ਕਿਹਾ ਕਿ ਸ਼ਿੱਖਿਆ ਹੀ ਔਰਤਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ। ਇਸ ਆਯੋਜਨ ਵਿੱਚ ਮੁੱਖ ਅਤਿਥੀ ਸ਼੍ਰੀਮਤੀ ਸ਼ਿਵਾਨੀ ਨੇ ਮਿਡ ਡੇ ਮੀਲ ਔਰਤਾਂ ਅਤੇ ਸਾਰੇ ਚੌਥੇ ਦਰਜੇ ਦੀਆਂ ਔਰਤਾਂ ਨੂੰ ਕੰਬਲ ਭੇਟ ਕੀਤੇ। ਸਾਰਿਆਂ ਨੂੰ ਸਨੈਕਸ ਅਤੇ ਬਾਅਦ ਵਿੱਚ ਵਧੀਆ ਲੰਚ ਵੀ ਦਿੱਤਾ ਗਿਆ। ਮੁੱਖ ਅਤਿਥੀ ਅਤੇ ਸਾਰੀਆਂ ਮਹਿਲਾ ਅਧਿਆਪਕਾਂ ਨੂੰ ਉਪਹਾਰ ਵੀ ਪ੍ਰਦਾਨ ਕੀਤੇ ਗਏ।