ਸ੍ਰੀ ਫ਼ਤਹਿਗੜ੍ਹ ਸਾਹਿਬ/7 ਮਾਰਚ:
(ਰਵਿੰਦਰ ਸਿੰਘ ਢੀਂਡਸਾ)
“ਸ੍ਰੀ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੀਰੀ-ਪੀਰੀ ਦੀ ਮਹਾਨ ਸੰਸਥਾ ਨੂੰ ਇਸ ਲਈ ਹੋਂਦ ਵਿਚ ਲਿਆਂਦਾ ਗਿਆ ਸੀ ਤਾਂ ਕਿ ਸਮੁੱਚਾ ਖਾਲਸਾ ਪੰਥ ਧਾਰਮਿਕ ਤੇ ਸਿਆਸੀ ਤੌਰ ਤੇ ਦਰਪੇਸ ਆਉਣ ਵਾਲੀ ਕਿਸੇ ਵੀ ਮੁਸ਼ਕਿਲ 'ਚੋਂ ਨਿਕਲਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਮਰਿਯਾਦਾਵਾ ਤੋ ਸੇਧ ਲੈਕੇ ਸਮੂਹਿਕ ਰੂਪ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਸਹੀ ਢੰਗ ਨਾਲ ਹੱਲ ਕੱਢਕੇ ਅੱਗੇ ਵੱਧ ਸਕੇ । ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਕਿਸੇ ਇਕ ਧੜੇ ਜਾਂ ਸੰਗਠਨ ਦੀ ਅਗਵਾਈ ਨਹੀ ਕਰਦੀ, ਬਲਕਿ ਸਮੁੱਚੇ ਖਾਲਸਾ ਪੰਥ ਦੀ ਹਰ ਖੇਤਰ ਵਿਚ ਅਗਵਾਈ ਕਰਦੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋ ਜੋ ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਿਕ ਸੰਗਠਨ ਦੀ ਭਰਤੀ ਕਰਨ ਦੀ ਪ੍ਰਕਿਰਿਆ ਸੁਰੂ ਕੀਤੀ ਹੈ, ਉਹ ਕੇਵਲ ਉਨ੍ਹਾਂ ਦੋ ਧੜਿਆ ਦੇ ਆਗੂਆ ਤੇ ਸੰਬੰਧਤ ਲੋਕਾਂ ਨੂੰ ਲੈ ਕੇ ਸੁਰੂ ਕਰਵਾਈ ਜਾ ਰਹੀ ਹੈ ਜੋ ਅਸਲੀਅਤ ਵਿਚ ਆਪਣੇ ਵੱਲੋ ਬੀਤੇ ਸਮੇ ਵਿਚ ਕੀਤੀਆ ਗਈਆ ਬਜਰ ਗੁਸਤਾਖੀਆ ਦੀ ਬਦੌਲਤ ਖਾਲਸਾ ਪੰਥ ਵਿਚੋ ਰਾਜਸੀ ਤੇ ਧਾਰਮਿਕ ਤੌਰ ਤੇ ਮਨਫੀ ਹੋ ਚੁੱਕੇ ਹਨ । ਜਿਸ ਦਾਗੀ ਤੇ ਬਾਗੀ ਲੀਡਰਸਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋ 2 ਦਸੰਬਰ 2024 ਨੂੰ ਹੋਏ ਹੁਕਮਨਾਮਿਆ ਦੀ ਇਕ ਲਿਖਤੀ ਮਦ ਵਿਚ ਇਹ ਦਰਜ ਕਰਕੇ “ਕਿ ਇਹ ਲੀਡਰਸਿਪ ਹੁਣ ਇਖਲਾਕੀ ਤੇ ਰਾਜਨੀਤਿਕ ਤੌਰ ਤੇ ਖਾਲਸਾ ਪੰਥ ਦੀ ਅਗਵਾਈ ਕਰਨ ਦਾ ਹੱਕ ਗੁਆ ਚੁੱਕੀ ਹੈ” । ਉਸ ਪੂਰਨ ਰੂਪ ਵਿਚ ਸਿੱਖ ਕੌਮ ਵੱਲੋ ਨਕਾਰੀ ਜਾ ਚੁੱਕੀ ਲੀਡਰਸਿਪ ਨੂੰ ਜਿਊਂਦਾ ਕਰਨ ਦੇ ਹੀ ਦੁੱਖਦਾਇਕ ਅਮਲ ਹੋ ਰਹੇ ਹਨ । ਅਜਿਹੇ ਅਮਲਾਂ ਨਾਲ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਅਤੇ ਜਥੇਦਾਰ ਦੇ ਸਤਿਕਾਰਿਤ ਰੁਤਬਿਆ ਉਤੇ ਵੱਡੇ ਪ੍ਰਸਨ ਚਿੰਨ੍ਹ ਲੱਗ ਜਾਣਗੇ । ਇਸ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੇਕਰ ਵਾਕਿਆ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਦੁਆਰਾ ਹੋਦ ਵਿਚ ਲਿਆਂਦੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਿਕ ਜਮਾਤ ਦੇ ਮਾਣ-ਸਨਮਾਨ ਨੂੰ ਬਹਾਲ ਕਰਵਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸੁਹਿਰਦਤਾ ਤੇ ਦ੍ਰਿੜਤਾ ਨਾਲ ਚਾਹੀਦਾ ਹੈ ਕਿ ਦਾਗੋ ਦਾਗ ਤੇ ਬਾਗੀ ਹੋਈ ਪੂਰਨ ਰੂਪ ਵਿਚ ਦੋਸ਼ੀ ਸਾਬਤ ਹੋ ਚੁੱਕੀ ਇਨ੍ਹਾਂ ਦੋਵਾਂ ਧੜਿਆ ਦੀ ਨਿਰਾਥਕ ਲੀਡਰਸਿਪ ਜਿਸ ਨੂੰ 2 ਦਸੰਬਰ ਦੇ ਹੁਕਮਨਾਮਿਆ ਰਾਹੀ ਪੰਜ ਸਿੰਘ ਸਾਹਿਬਾਨਾਂ ਵੱਲੋ ਖੁਦ ਵੀ ਰੱਦ ਕੀਤਾ ਗਿਆ ਹੈ, ਉਸ ਨੂੰ ਪਾਸੇ ਕਰਕੇ ਸਮੁੱਚੇ ਖਾਲਸਾ ਪੰਥ ਵਿਚ ਵਿਚਰ ਰਹੀ ਸਿੱਖ ਕੌਮ ਦੀ ਸਹੀ ਢੰਗ ਨਾਲ ਭਰਤੀ ਸੁਰੂ ਕਰਵਾਉਣ ਲਈ ਸੁਹਿਰਦ ਅਤੇ ਪੰਥਕ ਆਤਮਾ ਤੇ ਅਧਾਰਿਤ ਸਮੂਹਿਕ ਸਾਂਝੀ ਸਭ ਧੜਿਆ, ਗਰੁੱਪਾਂ ਦੀ ਭਰਤੀ ਕਮੇਟੀ ਨੂੰ ਹੋਦ ਵਿਚ ਲਿਆਉਣ ਦੀ ਜਿੰਮੇਵਾਰੀ ਲਿਆਉਣ ਤੇ ਸਮੁੱਚੇ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਕਰਨ, ਫਿਰ ਹੀ ਕੌਮ ਪੱਖੀ ਚੰਗੇ ਨਤੀਜੇ ਨਿਕਲ ਸਕਦੇ ਹਨ ।” ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ।