ਸ੍ਰੀ ਫ਼ਤਹਿਗੜ੍ਹ ਸਾਹਿਬ/7 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ,ਫਤਿਹਗੜ੍ਹ ਸਾਹਿਬ, ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਦੀਪ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਮੈਡੀਕਲ ਅਫਸਰ ਡਾ ਰਮਨ ਜਿੰਦਲ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ , ਗੁਰਦੀਪ ਸਿੰਘ , ਸਿਹਤ ਕਰਮਚਾਰੀ ਜਗਰੂਪ ਸਿੰਘ ਆਦਿ ਸ਼ਾਮਲ ਸਨ ਵੱਲੋਂ ਜੀਟੀ ਰੋਡ ਸਰਹਿੰਦ ਵਿਖੇ ਤੰਬਾਕੂ ਉਤਪਾਦ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਦੌਰਾਨ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟ ਐਕਟ ( ਕੋਟਪਾ ) ਦੀ ਉਲੰਘਣਾ ਕਰਨ ਵਾਲੇ 13 ਦੁਕਾਨਦਾਰਾਂ ਅਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲੇ 2 ਵਿਅਕਤੀਆਂ ਦੇ ਮੌਕੇ ਤੇ ਹੀ ਚਲਾਨ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਖਾਣ-ਪੀਣ ਦੀਆਂ ਵਸਤਾਂ ਦੇ ਨਾਲ ਤੰਬਾਕੂ ਪਦਾਰਥ ਵੇਚਣਾ ਅਪਰਾਧ ਹੈ ਅਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਦੀ ਮਨਾਹੀ ਹੈ। ਇਸ ਲਈ ਕੋਟਪਾ ਦੀ ਉਲੰਘਣਾ ਕਰਨ ਵਾਲੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਅਰੰਭੀ ਗਈ ਇਸ ਮੁਹਿੰਮ ਤਹਿਤ ਆਮ ਲੋਕਾਂ ਅਤੇ ਦੁਕਾਨਦਾਰਾਂ ਨੁੰ ਤੰਬਾਕੂ ਸੇਵਨ ਨਾਲ ਮਨੁੱਖੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਕਿਸੇ ਵੀ ਦੁਕਾਨਦਾਰ ਵੱਲੋਂ ਤੰਬਾਕੂ ਪਦਾਰਥਾਂ ਦੀ ਇਸ਼ਤਿਹਾਰਬਾਜ਼ੀ ਨਾ ਕੀਤੀ ਜਾਵੇ।ਉਹਨਾਂ ਦੱਸਿਆ ਕਿ ਤੰਬਾਕੂ ਦੀ ਕਿਸੇ ਵੀ ਰੂਪ ਵਿੱਚ ਵਰਤੋਂ ਕਰਨਾ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਕਿਉਕਿ ਤੰਬਾਕੂ ਸੇਵਨ ਨਾਲ ਮੂੰਹ, ਗਲੇ ਅਤੇ ਫੇਫੜਿਆਂ ਦਾ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ ਇਸ ਲਈ ਤੰਬਾਕੂ ਪਦਾਰਥਾਂ ਅਤੇ ਹੋਰ ਨਸ਼ਿਆਂ ਨੂੰ ਛੱਡਣ ਲਈ ਜ਼ਿਲਾ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ ਜਿੱਥੇ ਸਰਕਾਰ ਵੱਲੋਂ ਇਹਨਾਂ ਮਾਨਸਿਕ ਬਿਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਮੈਡੀਕਲ ਅਫਸਰ ਡਾ. ਰਮਨ ਜਿੰਦਲ ਨੇ ਕਿਹਾ ਕਿ ਤੰਬਾਕੂ ਕੰਟਰੋਲ ਐਕਟ ਅਨੁਸਾਰ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨਾ ਅਤੇ ਵਿੱਦਿਅਕ ਸੰਸਥਾਵਾਂ ਦੇ ਸੌ ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਦੀ ਵਿਕਰੀ ਕਰਨ , ਕਿਸੇ ਵੀ ਵਿਅਕਤੀ ਨੂੰ ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਲਈ ਉਤਸਾਹਿਤ ਕਰਨ ਤੇ ਪੂਰਨ ਪਾਬੰਦੀ ਹੈ। ਇਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ/ ਦੁਕਾਨਦਾਰ ਦਾ ਮੌਕੇ ਤੇ ਚਲਾਨ ਕਰਕੇ ਜੁਰਮਾਨਾ ਵਸੂਲ ਕੀਤਾ ਜਾਂਦਾ ਹੈ ਅਤੇ ਕੋਟਪਾ ਦੀਆਂ ਕਈ ਹੋਰ ਧਾਰਾਵਾਂ ਅੰਦਰ ਕੋਰਟ ਚਲਾਨ ਵੀ ਕੀਤੇ ਜਾ ਸਕਦੇ ਹਨ।