ਗਿੱਦੜਬਾਹਾ, 7 ਮਾਰਚ ਸ਼ਿਵਰਾਜ ਸਿੰਘ ਰਾਜੂ
ਗਿੱਦੜਬਾਹਾ ਦੇ ਘੰਟਾ ਘਰ ਦੇ ਨਜਦੀਕ ਇੱਕ ਫਾਸਟ ਫੂਡ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਸਟ ਫੂਡ ਦਾ ਕੰਮ ਕਰਨ ਵਾਲੇ ਮਨੋਜ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਗਏ ਸਨ, ਅੱਜ ਸਵੇਰੇ ਕਰੀਬ 5 ਵਜੇ ਕਿਸੇ ਰਾਹਗੀਰ ਨੇ ਫ਼ੋਨ ਕਰਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਤੁਰੰਤ ਦੁਕਾਨ ਤੇ ਪੁੱਜੇ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਫਾਇਰ ਬਿ੍ਰਗੇਡ ਨੂੰ ਦਿੱਤੀ। ਫਾਇਰ ਬਿ੍ਰਗੇਡ ਦੇ ਮੁਲਾਜ਼ਮਾਂ ਨੇ ਮੌਕੇ ਤੇ ਪੁੱਜ ਕੇ ਅੱਗ ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਅਗਰ ਫਾਇਰ ਬਿ੍ਰਗੇਡ ਸਮੇਂ ਤੇ ਨਾ ਪੁੱਜਦੀ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਦੁਕਾਨ ਅੰਦਰ ਪਿਆ ਜਨਰੇਟਰ, 4 ਡੀਪ ਫਰਿੱਜ, 4 ਕਾਉੰਟਰ, ਦੁਕਾਨ ਦਾ ਪੂਰਾ ਫਰਨੀਚਰ ਅਤੇ ਫਾਸਟ ਫੂਡ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਸ਼ੱਕ ਜਤਾਇਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ।