ਮੌੜ ਮੰਡੀ 19 ਅਪ੍ਰੈਲ( ਰਾਧੇ ਸ਼ਾਮ ਜੈਨ)
ਪਿੰਡ ਸੁੱਖਾ ਸਿੰਘ ਵਾਲੇ ਦੇ ਖੇਤਾਂ ਵਿੱਚ ਖੜੀ ਕਣਕ ਤੇ ਨਾੜ ਨੂੰ ਅੱਗ ਲੱਗਣ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਥੇ ਖੇਤਾਂ ਨਾਲ ਲੱਗਦੀ ਬਾਜੀਗਰ ਬਸਤੀ ਅੰਦਰ ਵੀ ਅੱਗ ਲੱਗਣ ਨਾਲ਼ ਕਾਫੀ ਨੁਕਸਾਨ ਹੋ ਗਿਆ । ਅੱਗ ਨੇ ਬਾਜੀਗਰ ਬਸਤੀ ਚ ਘਰਾਂ ਦੇ ਨਾਲ਼ ਨਾਲ਼ ਪਸ਼ੂਆਂ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਅੱਗ ਇੰਨਾ ਜਿਆਦਾ ਭਿਆਨਕ ਸੀ ਕਿ ਸੜਕ ਕਿਨਾਰੇ ਖੜੇ 15 -17ਦਰਖਤ ਵੀ ਝੂਲਸੇ ਗਏ ਅੱਤੇ ਘਰਾਂ ਅੱਗੇ ਖੜੇ ਵਹਿਕਲ ਵੀ ਨੁਕਸ਼ਾਨੇ ਗਏ। ਅੱਗ ਲੱਗਣ ਦਾ ਜਿਵੇਂ ਹੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਤੁਰੰਤ ਘਟਨਾ ਵਾਲੀ ਥਾਂ ਤੇ ਚਾਰ ਪੰਜ ਅੱਗ ਬੁਝਾਉ ਗੱਡੀਆਂ ਆ ਗਈਆਂ । ਜਿਨਾਂ ਨੇ ਕਾਫੀ ਮਿਹਨਤ ਨਾਲ ਅੱਗ ਉੱਪਰ ਕੰਟਰੋਲ ਕੀਤਾ। ਭਾਵੇਂ ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਘਟਨਾ ਸਥਾਨ ਤੇ ਖੜੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅੱਗ ਬੁਝਾਊ ਗੱਡੀਆਂ ਸਮੇਂ ਸਿਰ ਆਂ ਜਾਂਦੀਆ ਤਾਂ ਜਿਆਦਾ ਨੁਕਸਾਨ ਨਾ ਹੁੰਦਾ।ਜਿੰਨਾ ਕਿਸਾਨਾਂ ਦੀ ਖੜੀ ਕਣਕ ਨੂੰ ਅੱਗ ਲੱਗੀ ਹੈ ਉਹਨਾਂ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਦਿਆਂ ਕਿਹਾ ਕਿ ਪੁੱਤਾਂ ਵਾਂਗ ਪਾਲੀ ਸਾਡੀ ਫਸਲ ਮਿੰਟਾ ਵਿੱਚ ਹੀ ਅੱਗ ਦੀ ਭੇਟ ਚੜ ਗਈ। ਜਿਨ੍ਹਾਂ ਕਿਸਾਨਾਂ ਦੀ ਕਣਕ ਅੱਗ ਦੀ ਭੇਂਟ ਚੜੀ ਹੈ ਉਹਨਾਂ ਵਿੱਚ , ਗੁਰਪਾਲ ਸਿੰਘ ਦਾ ਡੇਢ ਕਿੱਲਾ,ਮੱਖਣ ਸਿੰਘ ਦੇ ਢਾਈ ਕਿੱਲੇ, ਜਸਬੀਰ ਸਿੰਘ ਦੇ ਸਾਡੇ ਤਿੰਨ ਕਿੱਲੇ ਅਤੇ ਨਿੱਕਾ ਸਿੰਘ ਦੇ ਤਿੰਨ ਕਿੱਲੇ ਹਨ ਇਸ ਤੋਂ ਇਲਾਵਾ 15 ਏਕੜ ਨਾੜ ਵੀ ਅੱਗ ਨਾਲ਼ ਸੜ ਗਿਆ ਪਿੰਡ ਦੇ ਸਾਬਕਾ ਸਰਪੰਚ ਹਰਦੀਪ ਸਿੰਘ ਨੇ ਦੱਸਦਿਆਂ ਕਿਹਾ ਕਿ ਜੇਕਰ ਹਵਾ ਦਾ ਰੁੱਖ ਨਾ ਬਦਲਦਾ ਤਾਂ ਸਾਰੇ ਪਿੰਡ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲੈਣਾ ਸੀ। ਪਿੰਡ ਵਾਸੀਆਂ ਨੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦਿਆਂ ਕਿਹਾ ਕਿ। ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਬਲੀ ਹੁੰਦਾ ਹੈ.। ਭਾਵੇਂ ਪਿੰਡ ਵਾਸੀਆਂ ਵਲੋਂ ਅੱਗ ਲੱਗਣ ਦਾ ਕਾਰਨ 24 ਘੰਟਿਆਂ ਵਾਲੀ ਤਾਰ ਵਿੱਚੋਂ ਬਿਜਲੀ ਸਰਕਟ ਹੋਣਾ ਦੱਸਿਆ ਜਾਂਦਾ ਹੈ ਪਰੰਤੂ ਇਹ ਜਾਂਚ ਕਰਨ ਤੋਂ ਬਾਅਦ ਸਪਸ਼ਟ ਹੋਵੇਗਾ ਕਿ ਅੱਗ ਕਿਸ ਕਾਰਨ ਲੱਗੀ ਹੈ। ਅੱਗ ਲੱਗਣ ਦਾ ਕਾਰਨ ਕੁੱਛ ਵੀ ਹੋਵੇ ਪਰੰਤੂ ਨੁਕਸਾਨ ਤਾਂ ਕਿਸਾਨਾਂ ਤੇ ਗਰੀਬਾਂ ਦਾ ਹੋ ਗਿਆ। ਪਿੰਡ ਦੇ ਪਟਵਾਰੀ ਸੁਖਪਾਲ ਸਿੰਘ ਨੇ ਮੌਕਾ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜ ਰਹੇ ਹਨ ਪਿੰਡ ਵਾਸੀਆਂ ਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕਰਦੇ ਕਿਹਾ ਕੇ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦਾ ਬਣਦਾ ਨੁਕਸਾਨ ਪੂਰਾ ਕੀਤਾ ਜਾਵੇ