ਚੇਨਈ, 1 ਮਈ (ਏਜੰਸੀ) : ਤਾਮਿਲਨਾਡੂ ਸਕੂਲ ਸਿੱਖਿਆ ਬੋਰਡ ਨੇ ਬੁੱਧਵਾਰ ਨੂੰ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।
ਬੋਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ 6 ਮਈ ਨੂੰ ਐਲਾਨੇ ਜਾਣਗੇ। 11ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ 14 ਮਈ ਨੂੰ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ 10 ਮਈ ਨੂੰ ਆਉਣਗੇ।
ਵਿਦਿਆਰਥੀ ਤਾਮਿਲਨਾਡੂ ਸਕੂਲ ਸਿੱਖਿਆ ਬੋਰਡ ਦੀਆਂ ਵੈੱਬਸਾਈਟਾਂ ਤੋਂ ਨਤੀਜੇ ਦੇਖ ਸਕਦੇ ਹਨ।
12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬੋਰਡ ਦੀ ਪ੍ਰੀਖਿਆ 22 ਮਾਰਚ ਨੂੰ ਪੂਰੀ ਹੋਈ ਸੀ ਅਤੇ ਮੁਲਾਂਕਣ 13 ਅਪ੍ਰੈਲ ਨੂੰ ਸਮਾਪਤ ਹੋਇਆ ਸੀ।
11ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ 25 ਮਾਰਚ ਨੂੰ ਸਮਾਪਤ ਹੋਈ ਅਤੇ 13 ਅਪ੍ਰੈਲ ਨੂੰ ਪੇਪਰਾਂ ਦੀ ਦਰੁਸਤੀ ਮੁਕੰਮਲ ਹੋਈ।
ਤਾਮਿਲਨਾਡੂ ਸਕੂਲ ਸਿੱਖਿਆ ਬੋਰਡ ਨੇ ਬਿਆਨ ਵਿੱਚ ਕਿਹਾ ਕਿ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ 8 ਅਪ੍ਰੈਲ ਤੱਕ ਸੀ ਅਤੇ 22 ਅਪ੍ਰੈਲ ਨੂੰ ਮੁਲਾਂਕਣ ਪੂਰਾ ਹੋ ਗਿਆ ਸੀ।
ਕੁੱਲ 7.50 ਲੱਖ ਵਿਦਿਆਰਥੀਆਂ ਨੇ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਜਦਕਿ ਅੱਠ ਲੱਖ ਵਿਦਿਆਰਥੀਆਂ ਨੇ 11ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਿੱਤੀ ਸੀ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨੌਂ ਲੱਖ ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ।